ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਹੁਣ ਤੱਕ ਇਨਸਾਫ ਨਹੀਂ ਦੇ ਸਕੀ ਭਗਵੰਤ ਮਾਨ ਸਰਕਾਰ : ਅਸ਼ਵਨੀ ਸ਼ਰਮਾ

  • - ਭ੍ਰਿਸ਼ਟਾਚਾਰ ਦੇ ਦੋਸ਼ ਚ ਵਿਜੈ ਸਿੰਗਲਾ, ਫਿਰ ਸਰਾਰੀ ‘ਤੋਂ ਅਸਤੀਫਾ, ਹੁਣ ਝਗੜੇ ਦੇ ਕੇਸ ਚ ਡਾ. ਬਲਵੀਰ ਸਿੰਘ ਮੰਤਰੀ ਨੂੰ ਅਦਾਲਤ ਨੇ ਸੁਣਾਈ ਹੈ 3 ਸਾਲ ਦੀ ਸਜਾ।
  • - ਭਗਵੰਤ ਮਾਨ ਦੀ ਸਰਕਾਰ ‘ਚ ਸਜਾਜਾਫਤਾ ਤੇ ਭ੍ਰਿਸ਼ਟਾਚਾਰ ਆਗੂਆਂ ਦੀ ਭਰਮਾਰ : ਅਸ਼ਵਨੀ ਸ਼ਰਮਾਂ
  • - ਪੰਜਾਬ ਦੇ ਵੱਡੇ ਸਨਅਤਕਾਰਾਂ ਅਤੇ ਸਰਮਾਏਦਾਰਾਂ ਵਲੋਂ ਦੂਜੇ ਸੂਬਿਆਂ ‘ਚ ਨਿਵੇਸ਼ ਪੰਜਾਬ ਦੇ ਦਿਵਾਲੀਆਪਨ ਵਰਗੇ ਵੱਡੇ ਖਤਰੇ ਦੀ ਘੰਟੀ: ਸ਼ਰਮਾ   
  • - ਪੰਜਾਬ ਦੀਆਂ ਸਥਾਨਕ ਅਤੇ ਲੋਕ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਭਾਜਪਾ: ਅਸ਼ਵਨੀ ਸ਼ਰਮਾ

ਮਾਨਸਾ, 8 ਜਨਵਰੀ : ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਲਈ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ, ਝੂਠ ਬੋਲਿਆ, ਲੋਕਾਂ ਨੂੰ ਭਰਮਾਉਣ ਲਈ ਵੱਡੇ ਵੱਡੇ ਵਾਅਦੇ ਕੀਤੇ ਅਤੇ ਅੱਜ ਤਕ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ। ਇਹ ਸ਼ਬਦ ਅੱਜ ਇੱਥੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਦੀ ਤਾਜਪੋਸ਼ੀ ਸਮਾਗਮ ਚ ਮਾਨਸਾ ਪੁੱਜੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਸਮਾਗਮ ਵਿੱਚ ਪੁੱਜਣ ‘ਤੇ ਰਾਕੇਸ਼ ਜੈਨ ਅਤੇ ਹੋਰਨਾਂ ਔਹਦੇਦਾਰਾਂ ਨੇ ਫੁੱਲਾਂ ਦੇ ਹਾਰਾਂ, ਗੁੱਲਦਸਤਿਆਂ ਅਤੇ ਦੋਸ਼ਾਲਾ ਦੇ ਨਾਲ ਸਵਾਗਤ ਕੀਤਾ ਗਿਆI ਸਮਾਗਮ ਦੀ ਰਸਮੀ ਸ਼ੁਰੁਆਤ ਸ਼ਮਾਂ ਰੋਸ਼ਨ ਕਰ ਕੇ ਕੀਤੀ ਗਈ, ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਰਾਰੀ ਦਾ ਅਸਤੀਫ਼ਾ ਪੰਜਾਬ ਦੇ ਲੋਕਾਂ ਲਈ ਇੱਕ ਬੁਝਾਰਤ ਬਣਿਆ ਹੋਇਆ ਹੈ, ਕਿ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਦੇ ਬਾਵਜੂਦ ਵੀ ਸਰਕਾਰ ਨੇ 6 ਮਹੀਨਿਆਂ ਦਾ ਸਮਾਂ ਕਿਵੇਂ ਲੰਘਾ ਦਿੱਤਾ, ਜੋ ਕਿ ਇੱਕ ਸਿੱਧੇ ਤੌਰ ਤੇ ਭ੍ਰਿਸ਼ਟਾਚਾਰ ਨੂੰ ਬੱਲ ਬਖਸ਼ਣਾ ਹੈ। ਸ਼ਰਮਾ ਨੇ ਸਰਾਰੀ ਵੱਲੋਂ ਲਏ ਗਏ ਫੈਸਲਿਆਂ ਦੀ ਵੀ ਨਿਰਪਖ ਜਾਂਚ ਦੀ ਮੰਗ ਕੀਤੀ। ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੂੰ ਰੌਪੜ ਦੀ ਮਾਨਯੋਗ ਅਦਾਲਤ ਵੱਲੋਂ ਮਾਰ ਕੁਟਾਈ ਦੇ ਕੇਸ ‘ਚ 3 ਸਾਲ ਦੀ ਸੁਨਾਈ ਸਜਾ ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਮਾਨ ਸਰਕਾਰ ਦੇ ਰਾਜ ‘ਚ ਸਜਾਜਾਫਤਾ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਜੋ ਪੰਜਾਬ ਦੇ ਭਵਿੱਖ ਲਈ ਵੱਡੇ ਖਤਰੇ ਦੀ ਘੰਟੀ ਹੈ। ਉਨ੍ਹਾਂ ਸਿਹਤ ਮੰਤਰੀ ਤੋਂ ਵੀ ਅਸਤੀਫਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾ ਭ੍ਰਿਸ਼ਟਾਚਾਰ ਦੇ ਦੋਸ਼ ਚ ਵਿਜੈ ਸਿੰਗਲਾ, ਫਿਰ ਸਰਾਰੀ ਤੋਂ ਅਸਤੀਫਾ, ਹੁਣ ਝਗੜੇ ਦੇ ਕੇਸ ਚ ਡਾ. ਬਲਵੀਰ ਸਿੰਘ ਮੰਤਰੀ ਨੂੰ ਮਾਨਯੋਗ ਅਦਾਲਤ ਵੱਲੋਂ 3 ਸਾਲ ਦੀ ਸਜਾ ਸੁਣਾਈ ਜਾ ਚੁੱਕੀ ਹੈ। ਇਸ ਮੌਕੇ ਤੇ ਬੋਲਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਜਾਨ ਮਾਲ ਰਾਖੀ ਕਰਨ ਵਿੱਚ ਨਾਕਾਮ ਸਾਬਤ ਹੋ ਚੁੱਕੀ ਹੈ। ਉਹਨਾ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ ਪਰ ਭਗਵੰਤ ਮਾਨ ਸਰਕਾਰ ਕੋਲੋਂ ਅਜੇ ਤੀਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਫਰੰਟ ‘ਤੇ ਫੇਲ ਹੋ ਚੁੱਕੀ ਹੈI ਪੰਜਾਬ ਦਾ ਬੱਚਾ ਬੱਚਾ ਇਸ ਸਰਕਾਰ ਤੋਂ ਦੁਖੀ ਹੈI ਪੰਜਾਬ ਦੇ ਉਦਯੋਗਪਤੀ ਪੰਜਾਬ ਵਿੱਚੋਂ ਆਪਣਾ ਨਿਵੇਸ਼ ਸਮੇਟ ਕੇ ਦੂਸਰੇ ਸੂਬਿਆਂ ਵਿੱਚ ਨਿਵੇਸ਼ ਕਰ ਰਹੇ ਹਨ ਜੋ ਪੰਜਾਬ ਦੇ ਦਿਵਾਲੀਏਪਨ ਵੱਲ ਵਧਣ ਅਤੇ ਭਵਿੱਖ ਲਈ ਵੱਡੇ ਖਤਰੇ ਦੀ ਘੰਟੀ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਸਤੂਆਣਾ (ਸੰਗਰੂਰ) ਵਿਖੇ ਵਿਵਾਦਤ ਜ਼ਮੀਨ ਤੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਅਤੇ ਐਲਾਨ ਕੀਤਾ ਗਿਆ ਕਿ ਇਸ ਕਾਲਜ ਵਿੱਚ 2023 ਵਿੱਚ ਕਲਾਸਾਂ ਸੁਰੂ ਹੋ ਜਾਣਗੀਆਂ, ਜਦੋਂ ਕਿ ਜ਼ਮੀਨ ਦਾ ਕੇਸ 1987 ਤੋਂ ਅਦਾਲਤ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਰਾਜਕਤਾ ਦਾ ਮਾਹੋਲ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ ਪੰਜਾਬ ਦੀਆਂ ਸਥਾਨਕ ਚੋਣਾ ਅਤੇ ਲੋਕਾਂ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ, ਭਾਜਪਾ ਇਹਨਾਂ ਚੋਣਾ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਅਸ਼ਵਨੀ ਸ਼ਰਮਾ ਉਹਨਾਂ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਰੇ ਵਰਕਰ ਲੋਕਾਂ ਨਾਲ ਜੁੜੇ ਹੋਏ ਮੁੱਦਿਆਂ ਨੂੰ ਉਠਾਉਣ, ਜੇਕਰ ਸਰਕਾਰ ਗੱਲ ਨਾ ਸੁਣੇ ਤਾਂ ਧਰਨੇ ਪਰਦਰਸ਼ਨ ਕਰਨ ਤੋਂ ਗੁਰੇਜ਼ ਨਾ ਕਰਨ। ਉਹਨਾਂ ਵਰਕਰਾਂ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਕੀਤੇ ਲੋਕ ਪੱਖੀ ਕੰਮਾਂ ਨੂੰ ਘਰ ਘਰ ਤੱਕ ਪਹੁੰਚਾਉਣ । ਉਹਨਾਂ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਕਰਜ਼ੇ ਦੀ ਦਲਦਲ ਤੋਂ ਬਾਹਰ ਕੱਢ ਸਕਦੀ ਹੈ ।ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਨਿਕੰਮੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚੋਂ ਚੱਲਦਾ ਕਰਨ ਲਈ ਭਾਜਪਾ ਦਾ ਸਾਥ ਦੇਣ। ਇਸ ਮੌਕੇ ਉਹਨਾਂ ਨਾਲ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ,ਗੁਰਪ੍ਰੀਤ ਕਾਂਗੜ, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ, ਸੂਬਾ ਮੀਤ ਪ੍ਰਧਾਨ ਦਿਆਲ ਸਿੰਘ ਸੋਢੀ, ਪੰਜਾਬ ਭਾਜਪਾ ਦੇ ਸਹਿ ਮੀਡੀਆ ਸਕੱਤਰ ਹਰਦੇਵ ਸਿੰਘ ਉੱਭਾ, ਜਿਲਾ ਪ੍ਰਧਾਨ ਰਕੇਸ ਜੈਨ, ਸਾਬਕਾ ਜਿਲਾ ਪ੍ਰਧਾਨ ਮੱਖਣ ਲਾਲ, ਸ਼ਤੀਸ ਗੋਇਲ, ਅਜੈਬ ਸਿੰਘ ਹੋਡਲਾ, ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾ, ਸੁਰਿੰਦਰ ਬਾਂਸਲ, ਗਜੇਂਦਰ ਬਰੇਟਾ, ਜਗਜੀਤ ਮਿਲਖਾ, ਵਿਨੋਦ ਕੁਮਾਰ, ਦਰਸਨ ਦਰਸ਼ੀ, ਰੋਹਿਤ ਕੁਮਾਰ, ਅਮਰਜੀਤ ਸਿੰਘ, ਯਸਪਾਲ, ਪੁਨੀਤ ਸਿੰਗਲਾ, ਸੁਹਾਗ ਰਾਣੀ, ਰਾਜ ਸਿੰਘ ਉੱਭਾ, ਹਰਦੀਪ ਸਿੰਘ ਰਿਓਂਦ ਕਲਾਂ, ਮੰਜੂ ਮਿੱਤਲ, ਸਮੀਰ ਛਾਬੜਾ ਆਦਿ ਹਾਜਰ ਸਨ।