ਭਗਤ ਧੰਨਾ ਜੀ ਦਾ ਜਨਮ ਉਤਸਵ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਮਨਾਇਆ

  • ਭਗਤ ਧੰਨਾ ਜੀ ਦਾ ਜੀਵਨ ਵਿਸ਼ਵਾਸ ਦ੍ਰਿੜ੍ਹਤਾ, ਸਚਾਈ, ਸਾਦਗੀ ਅਤੇ ਆਸਥਾ ਦਾ ਪ੍ਰਤੀਕ ਹੈ : ਬਾਵਾ

ਮੁੱਲਾਂਪੁਰ ਦਾਖਾ, 22 ਅਪ੍ਰੈਲ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਭਗਤ ਧੰਨਾ ਜੀ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਹੈ, ਉਹਨਾਂ ਦਾ ਜਨਮ ਉਤਸਵ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਜਨਰਲ ਸਕੱਤਰ ਪਰਮਿੰਦਰ ਸਿੰਘ ਬਿੱਟੂ ਕੈਲਪੁਰ ਅਤੇ ਬਲਵੰਤ ਸਿੰਘ ਧਨੋਆ ਦੀ ਰਹਿਨੁਮਾਈ ਹੇਠ ਕੜਾਹ ਪ੍ਰਸ਼ਾਦ ਦੇ ਭੋਗ ਲਗਾ ਕੇ ਖ਼ੁਸ਼ੀਆਂ ਸਾਂਝੀਆਂ ਕਰਦਿਆਂ ਮਨਾਇਆ ਗਿਆ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਭਗਤ ਧੰਨਾ ਜੀ ਦੇ ਜੀਵਨ ਦੀ ਸਾਦਗੀ, ਸਚਾਈ ਅਤੇ ਪ੍ਰਭੂ ਵਿਚ ਅਤੁੱਟ ਵਿਸ਼ਵਾਸ ਅਤੇ ਆਸਥਾ ਸਾਨੂੰ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਉਂਦੀ ਹੈ। ਉਹਨਾਂ ਕਿਹਾ ਕਿ ਭਗਤ ਜੀ ਨੇ ਪੱਥਰਾਂ 'ਚੋਂ ਰੱਬ ਪਾ ਕੇ ਪ੍ਰਭੂ ਕ੍ਰਿਸ਼ਨ ਜੀ ਤੋਂ ਜੋ ਮੰਗਿਆ ਉਹ ਵੀ ਸਬਰ ਅਤੇ ਸੰਤੋਖ ਦੀ ਪੌੜੀ ਹੈ ਜੋ ਅੱਜ ਦੇ ਯੁੱਗ ਵਿਚ ਜਦੋਂ ਕਿ ਮਾਇਆ ਦੀ ਦੌੜ ਵਿਚ ਮਨੁੱਖ ਅੰਨ੍ਹਾ ਹੋ ਕੇ ਗੈਰ ਇਖ਼ਲਾਕੀ ਕੰਮ ਕਰ ਰਿਹਾ ਹੈ। ਲੋੜ ਹੈ ਅਸੀ ਆਪਣੇ ਜੀਵਨ ਵਿਚ ਭਗਤ ਜੀ ਵੱਲੋਂ ਦਿਖਾਏ ਰਸਤੇ 'ਤੇ ਚੱਲ ਕੇ ਹੀ ਸੁਖੀ, ਸਹਿਜ ਅਤੇ ਸ਼ਾਂਤੀ ਵਾਲਾ ਜੀਵਨ ਬਤੀਤ ਕਰੀਏ। ਇਸ ਮੌਕੇ ਸ਼੍ਰੀ ਬਾਵਾ ਨੇ ਭਗਵਾਨ ਪਰਸ਼ੂਰਾਮ ਜਯੰਤੀ ਅਤੇ ਈਦ-ਉਲ-ਫ਼ਿਤਰ ਦੀ ਵੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹਰਮਨਦੀਪ ਧਨੋਆ, ਅਰਜੁਨ ਬਾਵਾ, ਮੁੱਖ ਸੇਵਾਦਾਰ ਸੁਖਦੇਵ ਸਿੰਘ ਹਾਜਰ ਸਨ।