ਬਿਹਤਰ ਸਿਹਤ ਅਤੇ ਮਿਆਰੀ ਸਿੱਖਿਆ `ਆਪ` ਸਰਕਾਰ ਦੀ ਪ੍ਰਮੁੱਖ ਤਰਜੀਹ : ਵਿਧਾਇਕ ਪੱਪੀ

ਲੁਧਿਆਣਾ, 4 ਅਪ੍ਰੈਲ : ਲੁਧਿਆਣਾ ਕੇਂਦਰੀ ਦੇ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਨੇ ਮੰਗਲਵਾਰ ਨੂੰ ਕਿਹਾ ਕਿ ਹਲਕੇ ਦੇ ਲੋਕਾਂ ਲਈ ਆਉਣ ਵਾਲੇ ਦਿਨਾਂ ਵਿੱਚ ਤਿੰਨ ਹੋਰ ਆਮ ਆਦਮੀ ਕਲੀਨਿਕ (ਏ.ਏ.ਸੀ) ਖੋਲ੍ਹੇ ਜਾਣਗੇ।ਵਾਰਡ ਨੰ: 59, ਕਿਲ੍ਹਾ ਮੁਹੱਲਾ ਵਿੱਚ ਕਲੀਨਿਕ ਦੀ ਉਸਾਰੀ ਅਧੀਨ ਇਮਾਰਤ ਦਾ ਜਾਇਜ਼ਾ ਲੈਂਦਿਆਂ ‘ਆਪ’ ਵਿਧਾਇਕ ਨੇ ਲੁਧਿਆਣਾ ਦੇ ਨਾਗਰਿਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ ਕਰਾਰ ਦਿੱਤਾ ਅਤੇ ਕਿਹਾ ਕਿ ਨਵੇਂ ਕਲੀਨਿਕ ਖੁੱਲ੍ਹਣ ਨਾਲ ਉਨ੍ਹਾਂ ਦੇ ਹਲਕੇ ਵਿੱਚ ਕੁੱਲ ਪੰਜ ਕਲੀਨਿਕ ਹੋ ਜਾਣਗੇ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ `ਆਪ` ਸਰਕਾਰ ਨੇ ਸਿੱਖਿਆ, ਸਿਹਤ `ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਇਨ੍ਹਾਂ ਦੋਵਾਂ ਖੇਤਰਾਂ `ਚ ਕ੍ਰਾਂਤੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸਿੱਖਿਅਤ ਹੋ ਕੇ ਸਿਹਤਮੰਦ ਹੋਣਗੇ ਤਾਂ ਦੇਸ਼ ਅਤੇ ਸੂਬਾ ਤੇਜ਼ੀ ਨਾਲ ਤਰੱਕੀ ਕਰੇਗਾ। ਸ੍ਰੀ ਪੱਪੀ ਨੇ ਕਿਹਾ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਨਾਲ ਲੋਕਾਂ ਨੂੰ ਉਨ੍ਹਾਂ ਦੀ ਰਿਹਾਇਸ਼ ਦੇ 2-3 ਕਿਲੋਮੀਟਰ ਦੇ ਘੇਰੇ ਵਿੱਚ ਸਿਹਤ ਸਹੂਲਤਾਂ ਮਿਲਣਗੀਆਂ ਅਤੇ ਛੋਟੀਆਂ ਬਿਮਾਰੀਆਂ ਲਈ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਇਹ ਕਲੀਨਿਕ ਤੁਰੰਤ ਇਲਾਜ ਪ੍ਰਦਾਨ ਕਰਦੇ ਹਨ ਅਤੇ ਰਾਜ ਵਿੱਚ ਸੈਕੰਡਰੀ ਅਤੇ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸਹੂਲਤਾਂ `ਤੇ ਮਰੀਜ਼ਾਂ ਦੇ ਭਾਰ ਨੂੰ ਘੱਟ ਕਰਦੇ ਹਨ।