10 ਅਕਤੂਬਰ ਤੋਂ 15 ਅਕਤੂਬਰ ਤੱਕ ਬਰਨਾਲਾ ਕਰੇਗਾ ਨੈੱਟ ਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਦੀ ਸੂਬਾ ਪੱਧਰੀ ਗੇਮਾਂ ਦੀ ਮੇਜ਼ਬਾਨੀ

  • ਡਿਪਟੀ ਕਮਿਸ਼ਨਰ ਨੇ ਖਿਡਾਰੀਆਂ, ਖੇਡ ਦੇ ਪ੍ਰਬੰਧਾਂ ਸਬੰਧੀ ਕੀਤੀ ਬੈਠਕ

ਬਰਨਾਲਾ, 4 ਅਕਤੂਬਰ : ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਜ਼ਿਲ੍ਹਾ ਬਰਨਾਲਾ 10 ਅਕਤੂਬਰ ਤੋਂ 15 ਅਕਤੂਬਰ ਤੱਕ ਕਰੇਗਾ। ਬਰਨਾਲਾ ਵਿਖੇ ਵੱਖ ਵੱਖ ਥਾਵਾਂ ਉੱਤੇ ਨੈੱਟ ਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਖੇਡਾਂ ਦੇ ਪ੍ਰਬੰਧਾਂ ਸਬੰਧੀ ਬੁਲਾਈ ਬੈਠਕ ਵਿੱਚ ਦਿੱਤੀ। ਉਨ੍ਹਾਂ ਦੱਸਿਆ ਕਿ ਉਪਰੋਕਤ ਤਿੰਨੇ ਗੇਮਾਂ ਸੂਬਾ ਪੱਧਰ ਉੱਤੇ 10 ਤੋਂ 15 ਅਕਤੂਬਰ ਅਤੇ 17 ਤੋਂ 22 ਅਕਤੂਬਰ ਤੱਕ ਕਰਵਾਏ ਜਾਣੇ ਹੈ। ਜ਼ਿਲ੍ਹਾ ਬਰਨਾਲਾ ਵੱਲੋਂ ਇਸ ਦੀ ਮੇਜ਼ਬਾਨੀ 10 ਤੋਂ 15 ਅਕਤੂਬਰ ਤੱਕ ਕੀਤੀ ਜਾਵੇਗੀ। ਖਿਡਾਰੀਆਂ ਅਤੇ ਕੋਚਾਂ ਦੇ ਰਹਿਣ ਅਤੇ ਖਾਣ ਪੀਣ ਸਬੰਧੀ ਕੀਤੀ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਹਿੰਦਾ ਵਾਲੀਆਂ ਥਾਵਾਂ ਅਤੇ ਖੇਡਾਂ ਵਾਲੀਆਂ ਇਮਾਰਤਾਂ / ਮੈਦਾਨਾਂ ਦੀ ਸਾਫ ਸਫਾਈ ਅਤੇ ਫੋਗਿੰਗ ਕੀਤੀ ਜਾਣੀ ਲਾਜ਼ਮੀ ਹੈ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਟੀਮਾਂ ਬਣਾ ਕੇ ਹਰ ਇੱਕ ਥਾਂ ਉੱਤੇ ਲੜੀ ਵਾਰ ਡਿਊਟੀਆਂ ਲਗਾਈਆਂ ਜਾਣ। ਇਸੇ ਤਰ੍ਹਾਂ ਸਿਹਤ ਵਿਭਾਗ ਵੱਲੋਂ ਟੀਮਾਂ ਬਣਾ ਕੇ ਇਨ੍ਹਾਂ ਥਾਵਾਂ ਉੱਤੇ ਤੈਨਾਤ ਕੀਤੀਆਂ ਜਾਣਗੀਆਂ ਤਾਂ ਜੋ ਹਰ ਖਿਡਾਰੀ ਨੂੰ ਸਿਹਤ ਸੁਵਿਧਾ ਉਸ ਦੇ ਨੇੜੇ ਦਿੱਤੀ ਜਾ ਸਕੇ। ਨਾਲ ਹੀ ਪੁਲਸ ਵਿਭਾਗ ਨੂੰ ਹਿਦਾਇਤ ਦਿੱਤੀ ਜਾ ਰਹੀ ਹੈ ਕਿ ਉਹ ਇਨ੍ਹਾਂ ਸਾਰੀਆਂ ਥਾਵਾਂ ਉੱਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਰੱਖੇ। ਉਨ੍ਹਾਂ ਦੱਸਿਆ ਕਿ ਨੈੱਟ ਬਾਲ ਦੇ 5 ਵਰਗਾਂ ਦੇ ਮੁਕਾਬਲੇ ਅਤੇ ਬੈਡਮਿੰਟਨ ਤੇ ਟੇਬਲ ਟੈਨਿਸ ਦੇ 8-8 ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ। ਬੈਠਕ ਚ ਵਧੀਕ ਡਿਪਟੀ ਕਮਿਸ਼ਨਰ (ਜ) ਡਾ ਨਰਿੰਦਰ ਧਾਲੀਵਾਲ, ਉਪ ਮੰਡਲ ਮੈਜਿਸਟਰੇਟ ਗੋਪਾਲ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਜ਼ਿਲ੍ਹਾ ਖੇਡ ਅਫਸਰ ਉਮੇਸ਼ਵਰੀ ਸ਼ਰਮਾ, ਜ਼ਿਲ੍ਹਾ ਸਿੱਖਿਆ (ਸ) ਸ਼ਮਸ਼ੇਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਏ) ਡਾ ਬਲਜਿੰਦਰ ਸਿੰਘ, ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।