ਸਵੈ ਸਹਾਇਤਾ ਗਰੁੱਪਾਂ ਨੂੰ ਕਰਜ਼ਾ ਦੇਣ ਸਮੇਂ ਬੈਂਕ ਸੰਵੇਦਨਸ਼ੀਲ ਰਵੱਈਆ ਅਪਣਾਉਣ : ਸਹਾਇਕ ਕਮਿਸ਼ਨਰ

  • ਬੈਂਕਿੰਗ ਅਧਿਕਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦਾ ਕਰਨ 'ਚ ਅਹਿਮ ਭੂਮਿਕਾ ਨਿਭਾਉਣ : ਕ੍ਰਿਪਾਲਵੀਰ ਸਿੰਘ
  • ਲੀਡ ਬੈਂਕ ਨੇ ਕਰਵਾਈ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਸਲਾਹਕਾਰੀ ਕਮੇਟੀ ਦੀ ਮੀਟਿੰਗ

ਪਟਿਆਲਾ, 1 ਜੂਨ : ਸਹਾਇਕ ਕਮਿਸ਼ਨਰ (ਜ) ਕ੍ਰਿਪਾਲਵੀਰ ਸਿੰਘ ਨੇ ਕਿਹਾ ਕਿ ਮਹਿਲਾ ਸ਼ਸ਼ਕਤੀਕਰਨ ਤਹਿਤ ਬੈਂਕ ਸਵੈ ਸਹਾਇਤਾ ਗਰੁੱਪਾਂ ਵੱਲੋਂ ਲਏ ਜਾਂਦੇ ਕਰਜ਼ੇ ਸਮੇਂ ਸੰਵੇਦਨਸ਼ੀਲ ਰਵੱਈਆ ਅਪਣਾਉਣ ਤੇ ਲੋਨ ਪ੍ਰਕਿਰਿਆ ਨੂੰ ਸਰਲ ਰੱਖਣ ਤਾਂ ਜੋ ਪਿੰਡਾਂ ਦੀਆਂ ਔਰਤਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਵਿਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਬੈਂਕਾਂ ਕੋਲ ਜੋ ਸਵੈ ਸਹਾਇਤਾਂ ਗਰੁੱਪਾਂ ਦੇ ਕੇਸ ਪੇਡਿੰਗ ਹਨ, ਉਨ੍ਹਾਂ ਨੂੰ 10 ਦਿਨਾਂ ਦੇ ਅੰਦਰ ਮੁਕੰਮਲ ਕੀਤਾ ਜਾਵੇ। ਉਹ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੀਡ ਬੈਂਕ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੀ ਸਲਾਹਕਾਰ ਕਮੇਟੀ ਦੀ ਕਰਵਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਕ੍ਰਿਪਾਲਵੀਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਵੱਖ ਵੱਖ ਵਿਭਾਗਾਂ ਵੱਲੋਂ ਕਿੱਤਾ ਮੁਖੀ ਕੋਰਸ ਕਰਵਾਕੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਇਆ ਜਾਂਦਾ ਹੈ ਤੇ ਬੈਂਕ ਅਜਿਹੇ ਕੇਸਾਂ 'ਚ ਲੋਨ ਦੀ ਪ੍ਰੀਕ੍ਰਿਆ ਤੇਜ਼ ਰੱਖਣ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਦਾ ਲਾਭ ਲੈਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਉਨ੍ਹਾਂ ਕਿਹਾ ਕਿ ਲੋਕ ਭਲਾਈ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦਾ ਕਰਨ ਲਈ ਬੈਂਕਿੰਗ ਅਧਿਕਾਰੀ ਆਪਣੀ ਭੂਮਿਕਾ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ। ਸਹਾਇਕ ਕਮਿਸ਼ਨਰ ਨੇ ਪੀ.ਐਮ.ਐਸ.ਬੀ.ਵਾਈ ਅਤੇ ਪੀ.ਐਮ.ਜੇ.ਜੇ.ਬੀ.ਵਾਈ ਸਕੀਮਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਦਾ ਪੁੱਜਦਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਜਿਲ੍ਹੇ 'ਚ ਜਿਥੇ ਵੀ ਜਨ ਸੁਵਿਧਾ ਕੈਂਪ ਲਗਾਏ ਜਾਂਦੇ ਹਨ, ਉਥੇ ਇਨ੍ਹਾਂ ਸਕੀਮਾਂ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਮੀਟਿੰਗ ਦੌਰਾਨ ਇੰਸਪੈਕਟਰ ਰੋਨੀ ਸਿੰਘ ਨੇ ਬੈਂਕਾਂ ਦੀ ਸੁਰੱਖਿਆ ਸਬੰਧੀ ਸੁਝਾਅ ਦਿੰਦਿਆਂ ਕਿਹਾ ਕਿ ਬੈਂਕਾਂ ਦੀਆਂ ਸਮੂਹ ਬ੍ਰਾਚਾਂ ਤੇ ਏ.ਟੀ.ਐਮ 'ਚ ਸੀ.ਸੀ.ਟੀ.ਵੀ ਕੈਮਰੇ ਚਾਲੂ ਹਾਲਤ 'ਚ ਹੋਣੇ ਯਕੀਨੀ ਬਣਾਏ ਜਾਣ ਅਤੇ ਬੈਂਕ ਵਿੱਚ ਰੱਖੇ ਜਾਂਦੇ ਕਰਮਚਾਰੀ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਵੀ ਲਾਜ਼ਮੀ ਕੀਤੀ ਜਾਵੇ। ਲੀਡ ਬੈਂਕ ਐਸ.ਬੀ.ਆਈ. ਦੇ ਚੀਫ਼ ਮੈਨੇਜਰ ਦਵਿੰਦਰ ਕੁਮਾਰ ਨੇ ਇਸ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਬੈਂਕਾਂ ਦੀ ਕਾਰਵਾਈ ਬਾਬਤ ਜਾਣਕਾਰੀ ਦਿੱਤੀ। ਇਸ ਮੌਕੇ ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਗਰੀਮਾ, ਨਬਾਰਡ ਤੋਂ ਪਰਮਿੰਦਰ ਨਾਗਰਾ, ਆਰਸੇਟੀ ਦੇ ਡਾਇਰੈਕਟਰ ਰਾਜੀਵ ਸਰਹਿੰਦੀ, ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਸਮੇਤ ਕਈ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।