ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਲਾਭਪਾਤਰਾਂ ਦੇ ਬੈਂਕ ਖਾਤੇ ਆਧਾਰ ਨਾਲ ਲਿੰਕ ਕਰਵਾਏ ਜਾਣ : ਢਿੱਲੋਂ

  • ਲਾਭਪਾਤਰੀਆਂ ਦੇ ਮੋਬਾਇਲ ਨੰ: ਦੋ ਦਿਨਾਂ ਵਿੱਚ ਦਰੁਸਤ ਕਰਨ ਸਬੰਧੀ ਦਿੱਤੇ ਆਦੇਸ਼

ਫ਼ਤਹਿਗੜ੍ਹ ਸਾਹਿਬ, 14 ਜੂਨ : ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸ਼੍ਰੀ ਜਸਵੀਰ ਸਿੰਘ ਢਿੱਲੋਂ ਨੇ ਸਮੂਹ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰਾਂ, ਸਮੂਹ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਅਤੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਨਾਲ ਇੱਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐਸ.ਸੀ. ਸਟੂਡੈਂਟਸ ਤਹਿਤ ਅਦਾਇਗੀ ਕਰਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਵਿੱਚ ਸ. ਢਿੱਲੋਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੋ ਦਿਨਾਂ ਦੇ ਵਿੱਚ ਸਕੀਮ ਦੇ ਨਾਲ ਜੁੜੇ ਵਿਦਿਆਰਥੀਆਂ ਦੇ ਬੈਂਕ ਖਾਤੇ ਉਨ੍ਹਾਂ ਦੇ ਆਧਾਰ ਨਾਲ ਲਿੰਕ ਕਰਵਾਏ ਜਾਣ ਅਤੇ ਉਨ੍ਹਾਂ ਦੇ ਮੋਬਾਇਲ ਨੰਬਰ ਵੀ ਦਰੁਸਤ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ਼੍ਰੀ ਮੁਕੇਸ਼ ਸੈਣੀ ਨੂੰ ਕਿਹਾ ਕਿ ਬੈਂਕਾਂ ਰਾਹੀਂ ਆਧਾਰ ਸੀਡਡ ਡਾਟਾ ਐਨ.ਪੀ.ਸੀ.ਆਈ. ਨੂੰ ਭੇਜਣਾ ਯਕੀਨੀ ਬਣਾਇਆ ਜਾਵੇ। ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐਸ.ਸੀ. ਸਟੂਡੈਂਟਸ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਪ੍ਰੰਤੂ ਕਈ ਵਾਰ ਵਿਦਿਆਰਥੀਆਂ ਦੇ ਬੈਂਕ ਖਾਤੇ ਉਨ੍ਹਾਂ ਦੇ ਆਧਾਰ ਨੰਬਰ ਨਾਲ ਲਿੰਕ ਨਾ ਹੋਣ ਅਤੇ ਕਈ ਕੇਸਾਂ ਵਿੱਚ ਲਾਭਪਾਤਰੀ ਦਾ ਮੋਬਾਇਲ ਨੰਬਰ ਦਰੁਸਤ ਨਾ ਹੋਣ ਦੀ ਸੂਰਤ ਵਿੱਚ ਲਾਭ ਲੈਣ ਲਈ ਦਿੱਤੇ ਜਾਂਦੇ ਬਿਨੈ ਪੱਤਰ ਰੱਦ ਹੋ ਜਾਂਦੇ ਹਨ ਜਿਸ ਦਾ ਸਬੰਧਤ ਵਿਦਿਆਰਥੀਆਂ ਨੂੰ ਨੁਕਸਾਨ ਹੁੰਦਾ ਹੈ। ਇਸ ਲਈ ਸਬੰਧਤ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਅਨੁਸੂਚਿਤ ਜਾਤੀ ਦੇ ਹਰੇਕ ਯੋਗ ਲਾਭਪਾਤਰੀ ਤੱਕ ਇਸ ਸਕੀਮ ਦਾ ਲਾਭ ਪਹੁੰਚਾਇਆ ਜਾਵੇ।