ਬਾਸਮਤੀ ਤੇ ਸਪਰੇਅ ਕਰਨ ਲਈ 10 ਕੀਟਨਾਸ਼ਕਾਂ ਦੀ ਵਿਕਰੀ ਤੇ ਲਗਾਈ ਪਾਬੰਦੀ

ਫ਼ਤਹਿਗੜ੍ਹ ਸਾਹਿਬ, 08 ਅਗਸਤ : ਬਾਸਮਤੀ ਦੀ ਫਸਲ ਉਪਰ ਹੋ ਰਹੀ ਅੰਨ੍ਹੇਵਾਹ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਉਥੇ ਹੀ ਬਾਸਮਤੀ ਚੋਲ੍ਹਾਂ ਵਿੱਚ ਕੁਝ ਕੀਟਨਾਸ਼ਕਾਂ ਦੀ ਮਾਤਰਾ ਐਮ.ਆਰ.ਐਲ. ਤੋਂ ਵੱਧ ਪਾਈ ਗਈ ਹੈ, ਜੋ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ: ਰਾਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਰਾਈਸ ਮਿੱਲ ਐਂਡ ਐਕਸਪੋਰਟਰ ਐਸੋਸੀਏਸ਼ਨ ਮੁਤਾਬਕ ਬਾਸਮਤੀ ਚੋਲ੍ਹਾਂ ਵਿੱਚ ਇਨ੍ਹਾਂ ਪੈਸਟੀਸਾਈਡਜ਼ ਦੀ ਜਿਆਦਾ ਮਾਤਰਾ ਹੋਣ ਕਰਕੇ ਐਕਸਪੋਰਟ ਪ੍ਰਭਾਵਿਤ ਹੋ ਰਿਹਾ ਹੈ ਜਿਸ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਬਾਸਮਤੀ ਉਪਰ ਵਰਤੇ ਜਾਂਦੇ 10 ਕੀਟ ਨਾਸ਼ਕ ਐਸੀਫੇਟ, ਬੂਪਰੋਫੇਜਿਨ, ਕਲੋਰੋਪਾਇਰੀਫਾਸ, ਹੈਕਸਾਕੋਨਾਜੋਲ, ਪ੍ਰੋਪੀਕੋਨਾਜੋਲ, ਬਾਇਆ ਮੈਥਕਸਮ, ਪ੍ਰੋਫੀਨੋਫਾਸ, ਇਮੀਡਾਕਲੋਪਰਿਡ, ਕਾਰਬੈਂਡਾਜਿਮ ਤੇ ਟਰਾਈਸਾਈਕਲਜੋਲ ਤੇ ਪਾਬੰਦੀ ਲਗਾਈ ਗਈ ਹੈ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁਤਾਬਕ ਬਾਸਮਤੀ ਦੀ ਫਸਲ ਤੇ ਕੀੜੇ ਮਕੌੜੇ ਜਾਂ ਬਿਮਾਰੀਆਂ ਦੀ ਰੋਕਥਾਮ ਲਈ ਇਨ੍ਹਾਂ ਬੈਨ ਕੀਤੇ ਪੈਸਟੀਸਾਈਡ ਤੋਂ ਇਲਾਵਾ ਬਦਲਵੀਂਆਂ ਪੈਸਟੀਸਾਈਡਜ਼ ਉਪਲਬਧ ਹਨ। ਕਿਸਾਨਾਂ ਨੂੰ ਖੇਤੀਬਾੜੀ ਮਾਹਰਾਂ ਦੇ ਸਲਾਹ ਅਨੁਸਾਰ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਡੀਲਰ ਨੇ ਕਿਸੇ ਹੋਰ ਫਸਲ ਤੇ ਵਰਤੋਂ ਕਰਨ ਲਈ ਇਨ੍ਹਾਂ ਵਿੱਚੋਂ ਕਿਸੇ ਪੈਸਟੀਸਾਈਡ ਦੀ ਸੇਲ ਕਰਨੀ ਹੋਵੇ ਤਾਂ ਉਸ ਵੱਲੋਂ ਜਾਰੀ ਕੀਤੇ ਜਾਣ ਵਾਲੇ ਬਿਲ/ਕੈਸ਼ ਮੀਮੋ ਉਪਰ ਫਸਲ ਦਾ ਨਾਮ, ਜਿਸ ਲਈ ਇਹ ਪੈਸਟੀਸਾਈਡਜ਼ ਵੇਚੀਆਂ ਹੋਣ, ਹਰ ਹਾਲਤ ਵਿੱਚ ਦਰਜ਼ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਇਨ੍ਹਾਂ ਪੈਸਟੀਸਾਈਡ ਦੀ ਬਾਸਮਤੀ ਉਪਰ ਵਰਤੋਂ ਲਈ ਮੰਗ ਕਰਦਾ ਹੈ ਤਾਂ ਡੀਲਰ ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਪੈਸਟੀਸਾਈਡ ਦੇ ਬਦਲਣ ਬਾਰੇ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਵੀ ਸੁਚਿਤ ਕੀਤਾ ਗਿਆ ਹੈ ਕਿ ਸੀਜਨ ਦੇ ਅੰਤ ਵਿੱਚ ਬਾਸਮਤੀ ਚੌਲਾਂ ਵਿੱਚ ਇਨ੍ਹਾਂ ਪੈਸਟੀਸਾਈਡਜ਼ ਦੇ ਅੰਸ਼ ਮਾਪਣ ਲਈ ਟੈਸਟਿੰਗ ਕੀਤੀ ਜਾਵੇਗੀ ਜੇਕਰ ਟੈਸਟਿੰਗ ਵਿੱਚ ਇਨ੍ਹਾਂ ਪਾਬੰਦੀਸ਼ੁਦਾ ਪੈਸਟੀਸਾਈਡ ਦੇ ਅੰਸ਼ ਪਾਏ ਗਏ ਤਾਂ ਇਨ੍ਹਾਂ ਦੀ ਪੜਤਾਲ ਕਰਕੇ ਸਬੰਧਤ ਡੀਲਰ ਦੀ ਪਹਿਚਾਣ ਕਰਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਡਾ: ਰਾਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਇਹ ਹੁਕਮ 01 ਅਗਸਤ ਤੋਂ ਅਗਲੇ 60 ਦਿਨਾਂ ਲਈ ਲਾਗੂ ਰਹਿਣਗੇ। ਉਨ੍ਹਾਂ ਕਿਸਾਨਾਂ ਤੇ ਕੀਟਨਾਸ਼ਕ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਬਾਸਮਤੀ ਦੀ ਫਸਲ ਉਪਰ ਇਨ੍ਹਾਂ ਪੈਸਟੀਸਾਈਡ ਦੀ ਵਰਤੋਂ ਕਰਨ ਤੋਂ ਗੁਰੇਜ ਕੀਤਾ ਜਾਵੇ ਤਾਂ ਜੋ ਇਨ੍ਹਾਂ ਖ਼ਤਰਨਾਕ ਜਹਿਰੀਲੇ ਪਦਾਰਥਾਂ ਦੇ ਅੰਸ਼ ਤੋਂ ਬਗੈਰ ਵਧੀਆ ਮਿਆਰ ਵਾਲੇ ਬਾਸਮਤੀ ਚੌਲ ਪੈਦਾ ਕੀਤੇ ਜਾ ਸਕਣ।