ਬੱਸਾਂ ’ਚ ਅਸ਼ਲੀਲ ਗਾਣੇ ਚਲਾਉਣ ’ਤੇ ਮਨਾਹੀ, ਲਾਊਡ ਸਪੀਕਰ ਜਾਂ ਆਵਾਜ਼ੀ ਯੰਤਰਾਂ ਦੀ ਵਰਤੋਂ ’ਤੇ ਰੋਕ

  • ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਮਨਾਹੀ ਹੁਕਮ ਜਾਰੀ

ਬਰਨਾਲਾ, 9 ਅਕਤੂਬਰ : ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, ਆਈ.ਏ.ਐਸ. ਨੇ ਫੌਜਦਾਰੀ ਜ਼ਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਚੱਲਣ ਵਾਲੀਆਂ ਸਰਕਾਰੀ ਅਤੇ ਨਿੱਜੀ ਬੱਸਾਂ ਵਿੱਚ ਅਸ਼ਲੀਲ ਗਾਣੇ ਚਲਾਉਣ ’ਤੇ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕਰਨ ਵਾਲੇ ਬੱਸ ਚਾਲਕ ਜਾਂ ਕੰਡਕਟਰ ਵਿਰੁੱਧ ਸ਼ਿਕਾਇਤ ਪਾਈ ਗਈ ਤਾਂ ਉਸ ਦੇ ਖਿਲਾਫ਼ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਅਗਲੇ ਹੁਕਮ ਤਹਿਤ ਉਨ੍ਹਾਂ ਜ਼ਿਲ੍ਹੇ ਅੰਦਰ ਅਣ-ਅਧਿਕਾਰਤ ਆਵਾਜ਼ੀ ਪ੍ਰਦੂਸ਼ਣ ਵਾਲੇ ਯੰਤਰਾਂ ਦੀ ਵਰਤੋਂ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਮੈਰਿਜ ਪੈਲੇਸਾਂ/ਧਾਰਮਿਕ ਸਥਾਨਾਂ/ਆਮ ਲੋਕਾਂ ਦੁਆਰਾ ਸੱਭਿਆਚਾਰਕ/ਧਾਰਮਿਕ ਅਤੇ ਹੋਰ ਪ੍ਰੋਗਰਾਮਾਂ ਆਦਿ ਵਿੱਚ ਲਾਊਡ ਸਪੀਕਰਾਂ, ਆਰਕੈਸਟਰਾ ਤੇ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਸ ਦੇ ਫਲਸਰੂਪ ਆਮ ਲੋਕਾਂ, ਮਾਨਸਿਕ ਰੋਗੀਆਂ ਅਤੇ ਬੱਚਿਆਂ ਦੀ ਸਿਹਤ ਅਤੇ ਪੜਾਈ ’ਤੇ ਮਾੜਾ ਅਸਰ ਪੈਂਦਾ ਹੈ। ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ਼ ਨੋਆਇਜ਼ਜ) ਐਕਟ 1956 ਅਨੁਸਾਰ ਕੋਈ ਵੀ ਵਿਅਕਤੀ ਪੂਰਵ ਪ੍ਰਵਾਨਗੀ ਲਾਊਡ ਸਪੀਕਰਾਂ ਜਾਂ ਆਵਾਜ਼ੀ ਯੰਤਰਾਂ ਦੀ ਵਰਤੋਂ ਨਹੀਂ ਕਰ ਸਕਦਾ ਹੈ। ਜਿਸ ਵੀ ਮੈਰਿਜ ਪੈਲੇਸ, ਹੋਟਲ, ਰੈਸਟੋਰੈਂਟ ਜਾਂ ਆਮ ਲੋਕਾਂ ਨੇ ਲਾਊਡ ਸਪੀਕਰ ਲਗਾਉਣਾ ਹੋਵੇਗਾ, ਉਹ ਵੱਖਰੇ ਤੌਰ ’ਤੇ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਤੋਂ ਪਹਿਲਾਂ ਪ੍ਰਵਾਨਗੀ ਲੈਣਾ ਯਕੀਨੀ ਬਣਾਉਣਗੇ।। ਇਸੇ ਤਰ੍ਹਾਂ ਇਕ ਹੋਰ ਹੁਕਮ ਤਹਿਤ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਏਅਰ ਫੋਰਸ ਸਟੇਸ਼ਨ ਬਰਨਾਲਾ ਦੀ ਸੁਰੱਖਿਆ ਦੇ ਮੱਦੇਨਜ਼ਰ ਏਅਰ ਫੋਰਸ ਸਟੇਸ਼ਨ, ਬਰਨਾਲਾ ਦੇ 1000 ਮੀਟਰ ਦੇ ਘੇਰੇ ਅੰਦਰ ਪੈਂਦੇ ਸਮੂਹ ਮੈਰਿਜ ਪੈਲੇਸਾਂ ਅਤੇ ਖੇਡ ਮੈਦਾਨਾਂ ਆਦਿ ਅੰਦਰ (ਆਰਮਡ ਪਰਸਨ, ਫਲਾਈ ਪੈਰਾ ਗਲਾਈਡਰਜ਼, ਪੈਰਾ ਮੋਟਰਜ਼, ਗੁਬਾਰਿਆਂ) ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਪਰੋਕਤ ਸਾਰੇ ਹੁਕਮ 28 ਨਵੰਬਰ 2023 ਤੱਕ ਜ਼ਿਲ੍ਹੇ ਭਰ ਵਿੱਚ ਲਾਗੂ ਰਹਿਣਗੇ ਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।