- 14 ਮਈ ਨੂੰ ਰਕਬਾ ਭਵਨ ਤੋਂ ਰਵਾਨਾ ਹੋਣ ਵਾਲੇ ਫ਼ਤਿਹ ਮਾਰਚ ਦੀਆਂ ਤਿਆਰੀਆਂ ਮੁਕੰਮਲ
ਮੁੱਲਾਂਪੁਰ ਦਾਖਾ, 12 ਮਈ : ਅੱਜ ਸਰਹਿੰਦ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਫਾਊਂਡੇਸ਼ਨ ਅਮਰੀਕਾ ਦੇ ਵਾਈਸ ਪ੍ਰਧਾਨ ਰਾਜ ਸਿੰਘ ਗਰੇਵਾਲ, ਪਰਮਿੰਦਰ ਸਿੰਘ ਬਿੱਟੂ ਜਨਰਲ ਸਕੱਤਰ, ਵਾਈਸ ਪ੍ਰਧਾਨ ਫਾਊਂਡੇਸ਼ਨ ਪੰਜਾਬ ਬਾਦਲ ਸਿੰਘ ਸਿੱਧੂ, ਸਾਧੂ ਸਿੰਘ, ਸਰਪੰਚ ਮਨਜੀਤ ਸਿੰਘ ਤੁੱਗਲ,ਦਲਜੀਤ ਸਿੰਘ ਸਰਪ੍ਰਸਤ ਫਾਊਂਡੇਸ਼ਨ ਨੇ ਕਿਹਾ ਕਿ ਅੱਜ ਦਾ ਦਿਨ ਚੱਪੜਚਿੜੀ ਦੇ ਮੈਦਾਨ ਵਿਚ ਜ਼ਾਲਮ ਵਜ਼ੀਰ ਖਾਂ ਦਾ ਖ਼ਾਤਮਾ ਕਰਕੇ ਗੌਰਵਮਈ ਇਤਿਹਾਸ ਸਿਰਜਣ ਦਾ ਹੈ। ਉਹਨਾਂ ਦੱਸਿਆ ਕਿ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 700 ਸਾਲ ਦੇ ਮੁਗ਼ਲ ਸਾਮਰਾਜ ਦਾ ਖ਼ਾਤਮਾ 3 ਸਤੰਬਰ 1708 ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਗੋਦਾਵਰੀ ਨਦੀ ਦੇ ਕੰਢੇ (ਸ਼੍ਰੀ ਹਜ਼ੂਰ ਸਾਹਿਬ) ਵਿਖੇ ਮਾਧੋ ਦਾਸ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਹੋਏ ਮਿਲਾਪ ਤੋਂ ਬਾਅਦ ਦੋ ਸਾਲ ਦੇ ਘੱਟ ਸਮੇਂ ਅੰਦਰ ਜੋ ਇਤਿਹਾਸ ਸਿਰਜਿਆ ਹੈ, ਇਹ ਸਭ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ। ਲੋੜ ਹੈ ਹਰ ਕਿਸਾਨ ਆਪਣੇ ਘਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਸੁਸ਼ੋਭਿਤ ਕਰੇ ਅਤੇ ਸਰਹਿੰਦ ਫਤਿਹ ਦਿਵਸ ਦੇ ਦਿਹਾੜੇ 'ਤੇ ਦੀਪਮਾਲਾ ਕਰੇ। ਘੱਟੋ ਘੱਟ ਇੱਕ ਦੇਸੀ ਘਿਓ ਦਾ ਦੀਵਾ ਆਪਣੇ ਘਰ 'ਤੇ ਜਗਾਏ। ਜੇਕਰ ਅਸੀਂ ਐਨਾ ਵੀ ਨਹੀਂ ਕਰ ਸਕਦੇ ਫਿਰ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਉਹਨਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ 14 ਮਈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 14 ਮਈ 1710 ਨੂੰ ਸਰਹਿੰਦ 'ਤੇ ਫ਼ਤਿਹ ਦਾ ਝੰਡਾ ਲਹਿਰਾਇਆ ਸੀ, ਇਸ ਦਿਨ ਐਤਵਾਰ ਨੂੰ ਰਕਬਾ ਭਵਨ ਤੋਂ ਚੱਪੜਚਿੜੀ ਅਤੇ ਸਰਹਿੰਦ ਤੱਕ ਇਤਿਹਾਸਿਕ ਫ਼ਤਿਹ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਵਿਚ ਸ਼ਾਮਲ ਹੋਣ ਲਈ ਸਮੂਹ ਪੰਜਾਬੀਆਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।