ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਵਧੇਗੀ ਜਾਗਰੂਕਤਾ : ਗੁਰਮੀਤ ਸਿੰਘ ਖੁੱਡੀਆਂ

  • ਪੰਜਾਬ ਸਰਕਾਰ ਨੇ ਪਹਿਲੀ ਵਾਰ ਵਿਸ਼ਵ ਜ਼ੂਨੋਸਿਸ ਦਿਵਸ ਮੌਕੇ ਕਰਵਾਇਆ ਰਾਜ ਪੱਧਰੀ ਸਮਾਗਮ
  • ਪਸ਼ੂ ਪਾਲਣ ਮੰਤਰੀ ਨੇ ਕਿਹਾ, ਰਾਜ ਸਰਕਾਰ ਪਸ਼ੂ ਪਾਲਣ ਨੂੰ ਕਰ ਰਹੀ ਹੈ ਉਤਸਾਹਿਤ

ਸ੍ਰੀ ਮੁਕਤਸਰ ਸਾਹਿਬ, 6 ਜੁਲਾਈ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਪਹਿਲੀ ਵਾਰ ਸੂਬੇ ਵਿਚ ਵਿਸਵ ਜ਼ੂਨੋਸਿਸ ਦਿਵਸ ਰਾਜ ਪੱਧਰ ਤੇ ਕੈਬਨਿਟ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਇੱਥੇ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਪਸ਼ੂ ਪਾਲਣ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਸਮਾਗਮ ਨੂੰ ਰਾਜ ਪੱਧਰ ਤੇ ਮਨਾਉਣ ਦਾ ਉਦੇਸ਼ ਹੈ ਕਿ ਲੋਕਾਂ ਵਿਚ ਅਤੇ ਖਾਸ ਕਰਕੇ ਪਸ਼ੂ ਪਾਲਕਾਂ ਵਿਚ ਜਾਨਵਰਾਂ ਤੋਂ ਮਨੁੱਖ ਨੂੰ ਅਤੇ ਮਨੁੱਖ ਤੋਂ ਜਾਨਵਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਸੇ ਲੜੀ ਵਿਚ ਵਿਭਾਗ ਨੇ ਸਿੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਵਿਦਿਆਰਥੀਆਂ ਤੱਕ ਇਹ ਜਾਣਕਾਰੀ ਪੁੱਜਦੀ ਕਰਨ ਲਈ ਸਕੂਲਾਂ ਵਿਚ ਵੀ ਇਸ ਤਰਾਂ ਦੇ ਜਾਗਰੂਕਤਾ ਭਾਸ਼ਣ ਦੇਣ ਦੀ ਵਿਵਸਥਾ ਕੀਤੀ ਹੈ। ਇਹ ਸਮਾਗਮ ਡੀਏਵੀ ਪਬਲਿਕ ਸਕੂਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਗਿਆ। ਉਹਨਾਂ ਕਿਹਾ ਕਿ ਇਹ ਦਿਹਾੜਾ ਹਰ ਸਾਲ ਵੱਖ ਵੱਖ ਥਾਵਾਂ ਤੇ ਮਨਾਇਆ ਜਾਵੇਗਾ। ਖੁੱਡੀਆਂ ਨੇ ਕਿਹਾ ਕਿ ਇਸ ਸਮੇਂ ਜਦ ਖੇਤਾਂ ਦੇ ਅਕਾਰ ਲਗਾਤਾਰ ਘੱਟ ਰਹੇ ਹਨ ਅਤੇ ਅਸੀਂ ਫਸਲਾਂ ਦੇ ਝਾੜ ਦੀ ਵੀ ਉੱਚਤਮ ਸੀਮਾ ਪ੍ਰਾਪਤ ਕਰ ਲਈ ਤਾਂ ਪਸ਼ੂ ਪਾਲਣ ਆਮਦਨ ਵਾਧੇ ਲਈ ਸਾਡੇ ਕਿਸਾਨਾਂ ਲਈ ਇਕ ਪ੍ਰਮੁੱਖ ਬਦਲ ਸਾਬਿਤ ਹੋ ਸਕਦਾ ਹੈ। ਪਰ ਪਸ਼ੂ ਪਾਲਣ ਦੇ ਕਿੱਤੇ ਵਿਚ ਮੁਨਾਫਾ ਤਦ ਹੋਰ ਵੀ ਵੱਧ ਜਾਂਦਾ ਹੈ ਜਦ ਅਸੀਂ ਵਿਗਿਆਨਕ ਤਰੀਕੇ ਨਾਲ ਪਸ਼ੁ ਪਾਲਣ ਦਾ ਕਿੱਤਾ ਕਰੀਏ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਅਯੋਜਨ ਸਮਾਜ ਤੇ ਪਸ਼ੁ ਪਾਲਕਾਂ ਵਿਚ ਚੇਤਨਤਾ ਪੈਦਾ ਕਰਣਗੇ। ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਜੇਕਰ ਜਰੂਰੀ ਸਾਵਧਾਨੀਆਂ ਰੱਖ ਕੇ ਪਸ਼ੂ ਪਾਲਣ ਕੀਤਾ ਜਾਵੇ ਤਾਂ ਜੁਨੋਟਿਕ ਬਿਮਾਰੀਆਂ ਦੇ ਪਸਾਰ ਨੁੰ ਰੋਕਿਆ ਜਾ ਸਕਦਾ ਹੈ ਅਤੇ ਇਸ ਤਰਾਂ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਾਣਕਾਰੀ ਨਾਲ ਅਸੀਂ ਆਪਣੇ ਜਾਨਵਰਾਂ ਦੇ ਨੁਕਸਾਨ ਦੀ ਦਰ ਨੂੰ ਵੀ ਘੱਟ ਕਰ ਸਕਦੇ ਹਾਂ। ਕੈਬਨਿਟ ਮੰਤਰੀ ਨੇ ਇਸ ਮੌਕੇ ਪਸ਼ੂ ਪਾਲਣ ਵਿਭਾਗ ਦੀਆਂ ਨਵੀਂਆਂ ਪਹਿਲਕਦਮੀਆਂ ਦੀ ਗੱਲ ਕਰਦਿਆਂ ਦੱਸਿਆ ਕਿ ਵਿਭਾਗ ਨੇ ਮੁੰਹ ਖੁਰ ਅਤੇ ਗਲਘੋਟੂ ਦੇ ਨਾਲ ਨਾਲ ਇਸ ਵਾਰ ਗਾਂਵਾਂ ਵਿਚ ਲੰਪੀ ਸਕਿਨ ਬਿਮਾਰੀ ਦੀ ਵੈਕਸਿਨ ਵੀ ਰਾਜ ਭਰ ਵਿਚ ਲਗਾਈ ਹੈ ਅਤੇ ਬਿਹਤਰ ਬਜਟ ਪ੍ਰਬੰਧਨ ਰਾਹੀਂ ਕੀਤੀ ਬਚਤ ਰਾਹੀਂ ਮਲੱਪਾਂ ਦੀ ਦਵਾਈ ਖਰੀਦ ਕਰਕੇ ਵੀ ਰਾਜ ਦੇ ਪਸ਼ੂ ਪਾਲਕਾਂ ਨੂੰ ਵੰਡਣ ਦਾ ਕੰਮ ਵਿਭਾਗ ਨੇ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਪਸ਼ੁ ਪਾਲਣ ਦੇ ਕਿੱਤੇ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਲਈ ਸਰਕਾਰ ਹਰ ਸੰਭਵ ਮਦਦ ਦਿੰਦੀ ਹੈ। ਇਸ ਤੋਂ ਪਹਿਲਾਂ ਬੋਲਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਸ੍ਰੀ ਜਗਦੀਪ ਸਿੰਘ ਕਾਕਾ ਬਰਾੜ ਨੇ ਇਹ ਸਮਾਗਮ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਉਣ ਲਈ ਪਸ਼ੂ ਪਾਲਣ ਮੰਤਰੀ ਦਾ ਧੰਨਵਾਦ ਕਰਦਿਆਂ ਨੌਜਵਾਨਾਂ ਨੂੰ ਕਿਰਤ ਨਾਲ ਜੁੜਨ ਅਤੇ ਆਪਣੇ ਕੰਮ ਖੁਦ ਕਰਨ ਲਈ ਅੱਗੇ ਆਊਣਾ ਦਾ ਸੱਦਾ ਦਿੱਤਾ । ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਸਮਾਗਮਾਂ ਨਾਲ ਲੋਕਾਂ ਵਿਚ ਪਾਏ ਜਾਂਦੇ ਭਰਮ ਦੂਰ ਹੋਣਗੇ ਅਤੇ ਰਾਜ ਵਿਚ ਪਸ਼ੂ ਪਾਲਣ ਦੇ ਕਿੱਤੇ ਨੂੰ ਹੁਲਾਰਾ ਮਿਲੇਗਾ। ਵਿਭਾਗ ਦੇ ਡਾਇਰੈਕਟਰ ਡਾ: ਜੀਐਸ ਬੇਦੀ ਨੇ ਇਸਤੋਂ ਪਹਿਲਾਂ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਵਿਭਾਗ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ: ਪਰਵਿੰਦਰ ਕੌਰ (ਡਿਪਟੀ ਡਾਇਰੈਕਟਰ ਆਰਡੀਡੀਐਲ) ਅਤੇ ਡਾ: ਜਸਬੀਰ ਸਿੰਘ (ਡਾਇਰੈਕਟਰ ਸੈਂਟਰ ਫਾਰ ਵਨ ਹੈਲਥ) ਨੇ ਜੁਨੋਟਿਕ ਬਿਮਾਰੀਆਂ ਸਬੰਧੀ, ਡਾ: ਹਰਕੀਤਰਨ ਸਿੰਘ ਨੇ ਅਜਿਹੀਆਂ ਬਿਮਾਰੀਆਂ ਦੇ ਇਲਾਜ ਬਾਰੇ ਡਾ: ਹਰਵੀਨ ਕੌਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਨੇ ਵਿਸ਼ਵ ਜੁਨੋਸਿਸ ਦਿਵਸ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪਸ਼ੂ ਪਾਲਕਾਂ ਨੂੰ ਸਵਾਲ ਪੁੱਛ ਕੇ ਸਹੀ ਜਵਾਬ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟ ਡਾ: ਗੁਰਦਿੱਤ ਸਿੰਘ, ਡਾ ਰਾਜੀਵ ਛਾਬੜਾ, ਡਾ ਸ਼ਾਮ ਸਿੰਘ, ਡਾ ਪਰਮਪਾਲ ਸਿੰਘ, ਐਸਵੀਓ ਡਾ: ਮਨਦੀਪ ਸਿੰਘ, ਡਾ ਕੇਵਲ ਸਿੰਘ,  ਡਾ ਗਰਦਾਸ ਸਿੰਘ, ਡਾ ਵਿਪਨ ਬਰਾੜ, ਚੇਅਰਮੈਨ ਰਛਪਾਲ ਸਿੰਘ ਖੁੱਡੀਆਂ, ਸਿਮਰਜੀਤ ਸਿੰਘ ਲੱਖੇਵਾਲੀ, ਇਕਬਾਲ ਸਿੰਘ ਵੜਿੰਗ, ਤੇਜਪਾਲ ਸਿੰਘ ਤੋਜੀ ਲੰਬੀ, ਪ੍ਰਿੰਸੀਪਲ ਡੀਏਵੀ ਸਕੂਲ ਵਰਸ਼ਾ ਸਚਦੇਵਾ, ਬਲਰਾਜ ਸਿੰਘ ਭੁੱਲਰ ਵੀ ਹਾਜਰ ਸਨ।