ਜਾਗਰੂਕਤਾ ਵੈਨ ਪਿੰਡ—ਪਿੰਡ ਕਰੇਗੀ ਪ੍ਰਚਾਰ, ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਕਰੇਗੀ ਪ੍ਰੇਰਿਤ—ਡਿਪਟੀ ਕਮਿਸ਼ਨਰ

  • ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਫਾਜਿਲਕਾ, 22 ਸਤੰਬਰ : ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਤਿਆਰ ਕੀਤੀਆਂ ਗਈਆਂ ਜਾਗਰੂਕਤਾ ਵੈਨਾਂ ਨੂੰ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ। ਇਹ ਜਾਗਰੂਕਤਾ ਵੈਨਾਂ ਲੜੀਵਾਰ ਜ਼ਿਲੇ੍ਹ ਦੇ ਸਮੂਹ ਬਲਾਕਾਂ ਵਿਚ ਜਾ ਕੇ ਪਿੰਡ—ਪਿੰਡ ਪ੍ਰਚਾਰ ਕਰੇਗੀ ਅਤੇ ਪਰਾਲੀ ਸਾੜਨ ਦੇ ਰੁਝਾਨ ਨੂੰ ਖਤਮ ਕਰਨ ਲਈ ਕਿਸਾਨਾਂ ਅੰਦਰ ਜਾਗਰੂਕਤਾ ਪੈਦਾ ਕਰੇਗੀ। ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਾਗਰੂਕਤਾ ਵੈਨਾ ਚਲਾਉਣ ਦਾ ਮਕਸਦ ਕਿਸਾਨ ਅੰਦਰ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜ਼ੋ ਕਿਸਾਨ ਵੀਰ ਪਰਾਲੀ ਨੂੰ ਅੱਗ ਨਾ ਲਗਾ ਕੇ ਜਮੀਨ ਵਿਚ ਹੀ ਜਜਬ ਕਰਨ ਅਤੇ ਵਾਤਾਵਰਣ ਨੂੰ ਬਚਾਉਣ ਵਿਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਜਾਗਰੂਕਤਾ ਵੈਨਾਂ ਵਿਚ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਆਡੀਓ ਸੰਦੇਸ਼ ਤਿਆਰ ਕੀਤਾ ਗਿਆ ਜ਼ੋ ਕਿ ਚੱਲਦਾ ਰਹੇਗਾ ਅਤੇ ਵੈਨ ਚਲਦੇ ਹੋਏ ਇਹ ਸੰਦੇਸ਼ ਕਿਸਾਨਾਂ ਤੱਕ ਪਹੁੰਚਾਏਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੀ ਸਾਂਭ—ਸੰਭਾਲ ਲਈ ਤਿਆਰ ਕੀਤਾ ਗਿਆ ਲਿਟਰੇਚਰ ਵੀ ਕਿਸਾਨਾਂ ਨੂੰ ਵੰਡਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ—ਨਿਰਦੇਸ਼ਾ *ਤੇ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਇਸਦੀ ਸੰਭਾਲ ਕੀਤੀ ਜਾਵੇ ਅਤੇ ਵਿਭਾਗ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਖੇਤੀਬਾੜੀ ਸੰਦਾ ਰਾਹੀਂ ਇਸਨੂੰ ਜਮੀਨ ਵਿਚ ਵਹਾਇਆ ਜਾਵੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅਗ ਲਗਾਉਣ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਤੇ ਧੂੰਆਂ ਹੋਣ ਨਾਲ ਜਿਥੇ ਬਿਮਾਰੀਆਂ ਪੈਦਾ ਹੁੰਦੀਆਂ ਹਨ ਉਥੇ ਕਈ ਵਾਰ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਦੀ ਵਰਤੋਂ ਜਮੀਨ ਲਈ ਖਾਦ ਦਾ ਕੰਮ ਕਰਦੀ ਹੈ ਤੇ ਪਰਾਲੀ ਨੂੰ ਜਮੀਨ ਵਿਚ ਮਿਲਾਉਣ ਨਾਲ ਅਗਲੇਰੀ ਫਸਲ ਦਾ ਝਾੜ ਵੀ ਵੱਧ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਜਮੀਨ ਦੇ ਜ਼ਰੂਰੀ ਤੱਤ ਮਰ ਜਾਂਦੇ ਹਨ ਜ਼ੋ ਕਿ ਜਮੀਨ ਲਈ ਜਰੂਰੀ ਹੁੰਦੇ ਹਨ।ਉਨ੍ਹਾਂ ਕਿਸਾਨਾਂ ਨੂੰ ਪੇ੍ਰਰਿਤ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਪ੍ਰੇਮੀ ਬਣਨ ਤੇ ਆਪਣੀ ਆਉਣ ਵਾਲੀ ਪੀੜੀ ਲਈ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਉਣ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਚੀਮਾ ਤੋਂ ਇਲਾਵਾ ਖੇਤੀਬਾੜੀ ਵਿਭਾਗ ਦਾ ਸਟਾਫ ਮੌਜੂਦ ਸੀ।