ਵੋਟ ਬਣਾਉਣ, ਵੋਟ ਦੀ ਸਹੀ ਵਰਤੋਂ ਕਰਨ, ਵੋਟ ਪਾਉਣ ਬਾਰੇ ਸਵੀਪ ਗਤੀਵਿਧੀਆਂ ਰਾਹੀਂ ਵੱਧ ਤੋਂ ਵੱਧ ਕੀਤਾ ਜਾਵੇ ਜਾਗਰੂਕ-ਡਿਪਟੀ ਕਮਿਸ਼ਨਰ

ਫ਼ਰੀਦਕੋਟ 13 ਮਾਰਚ : ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ 2024 ਦੌਰਾਨ ਆਮ ਜਨਤਾ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸ਼੍ਰੀ ਪ੍ਰਦੀਪ ਦਿਓੜਾ ਡਿਸਟ੍ਰਿਕ ਲੈਵਲ ਮਾਸਟਰ ਟ੍ਰੇਨਰ-ਕਮ-ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਵੱਲੋਂ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਵਿਧਾਨ ਸਭਾ ਹਲਕਾ ਲੈਵਲ ਦੇ/ ਸਮੂਹ ਨੋਡਲ ਅਫਸਰਾਂ ਨੂੰ ਸਵੀਪ ਪ੍ਰੋਜੈਕਟ ਤੇ ਟ੍ਰੇਨਿੰਗ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਵਿਧਾਨ ਸਭਾ ਹਲਕਾ ਲੈਵਲ ਦੇ/ ਸਮੂਹ ਨੋਡਲ ਅਫਸਰਾਂ ਨੂੰ ਆਪਣੇ ਆਪਣੇ ਹਲਕੇ ਅਧੀਨ ਆਉਂਦੇ ਸਕੂਲਾਂ ਅਤੇ ਕਾਲਜਾਂ ਵਿਚ ਸਵੀਪ ਪ੍ਰੋਜੈਕਟ ਤੇ ਵਿਸਥਾਰ ਸਹਿਤ ਜਾਗਰੂਕ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਵੋਟ ਬਣਾਉਣ, ਵੋਟ ਦੀ ਸਹੀ ਵਰਤੋਂ ਕਰਨ, ਵੋਟ ਪਾਉਣ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਤਾਂ ਜੋ ਵੋਟਰ ਆਪਣੀ ਵੋਟ ਦਾ ਇਸਤੇਮਾਲ ਬਗੈਰ ਕਿਸੇ ਡਰ ਭੈਅ ਅਤੇ ਪੱਖਪਾਤ ਦੇ ਕਰ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਜ਼ਿਲੇ ਦੇ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਜਿਲੇ ਦੀ ਵੋਟਿੰਗ 80% ਕਰਨ ਵਾਸਤੇ ਹਰ ਕੋਈ ਸੁਹਿਰਦਤਾ ਨਾਲ ਯਤਨ ਕਰੇ। ਉਹਨਾਂ ਕਿਹਾ ਜਿੱਥੇ ਵਿਦਿਆਰਥੀ ਵਰਗ ਨੂੰ ਵੋਟ ਦੇ ਅਧਿਕਾਰ ਲਈ ਜਾਗਰੂਕ ਕੀਤਾ ਜਾਵੇ, ਉੱਥੇ ਵਿਦਿਆਰਥੀਆਂ ਰਾਹੀਂ ਉਹਨਾਂ ਦੇ ਮਾਪਿਆਂ ਨੂੰ ਵੀ ਆਪਣੀ ਵੋਟ ਯਕੀਨੀ ਰੂਪ ਵਿੱਚ ਪਾਉਣ ਲਈ  ਉਤਸਾਹਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਸਵੀਪ ਤਹਿਤ ਵੱਖ-ਵੱਖ ਮੁਕਾਬਲੇ ਕਰਵਾਏ ਜਾਣ ਅਤੇ ਮੁਕਾਬਲਿਆਂ ਦੇ ਜੇਤੂਆਂ ਨੂੰ ਉਤਸਾਹਤ ਕਰਦਿਆਂ, ਉਹਨਾਂ ਵੱਲੋਂ ਤਿਆਰ ਕੀਤੀਆਂ ਕਲਾ ਕਿਰਤਾਂ ਨੂੰ ਆਮ ਪਬਲਿਕ ਵਿੱਚ ਸਾਂਝਾ ਕੀਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਹੋ ਸਕੇ। ਇਸ ਮੌਕੇ ਸਵੀਪ ਦੇ ਜ਼ਿਲਾ ਨੋਡਲ ਅਫਸਰ ਸ੍ਰੀ ਪ੍ਰਦੀਪ ਦਿਉੜਾ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਰੀਦਕੋਟ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਥਰਡ ਜੈਂਡਰ, ਸੀਨੀਅਰ ਸਿਟੀਜਨ, ਪੀਡਬਲਯੂਡੀ ਵੋਟਰ, ਘੱਟ ਪੋਲਿੰਗ ਵਾਲੇ ਪੋਲਿੰਗ ਬੂਥਾਂ ਉੱਪਰ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਇਸ ਦੇ ਨਾਲ ਨਾਲ ਸਮਾਜ ਦੇ ਵਿੱਚ ਵਿਸ਼ੇਸ਼ ਪਹਿਚਾਣ ਰੱਖਣ ਵਾਲੀਆਂ ਸ਼ਖਸੀਅਤਾਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਵੋਟ ਬਣਾਉਣ ਤੇ ਵੋਟ ਦੇ ਅਧਿਕਾਰ ਦੀ ਵਰਤੋਂ ਸਬੰਧੀ ਵਿਸ਼ੇਸ਼ ਸਨੇਹੇ ਤਿਆਰ ਕੀਤੇ ਜਾਣਗੇ।