ਸਖੀ ਵਨ ਸਟਾਪ ਸੈਂਟਰ ਵੱਲੋਂ ਫ਼ਤਹਿਗੜ੍ਹ ਨਿਊਂਆਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ

ਫ਼ਤਹਿਗੜ੍ਹ ਸਾਹਿਬ 10 ਅਗਸਤ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਖੀ ਵਨ ਸਟਾਪ ਸੈਂਟਰ ਵੱਲੋਂ ਅਮਲੋਹ ਤਹਿਸੀਲ ਦੇ ਪਿੰਡ ਫ਼ਤਹਿਗੜ੍ਹ ਨਿਊਂਆਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਦੌਰਾਨ ਸਖੀ ਵਨ ਸਟਾਪ ਸੈਂਟਰ ਦੀ ਇੰਚਾਰਜ ਰਜਨੀ ਬਾਲਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਹਿੰਸਾ, ਜਿਵੇਂ ਕਿ ਘਰੇਲੂ ਹਿੰਸਾ, ਤੇਜਾਬੀ ਹਮਲਾ, ਬਲਾਤਕਾਰ, ਗੈਰ-ਮਨੁੱਖੀ ਤਸਕਰੀ, ਦਹੇਜ ਪੀੜਤ ਅਤੇ ਛੇੜਛਾੜ ਤੋਂ ਪੀੜਤ ਮਹਿਲਾਵਾਂ ਨੂੰ ਇੱਕ ਛੱਤ ਹੇਠ ਵੱਖ-ਵੱਖ ਸੇਵਾਵਾਂ, ਜਿਵੇਂ ਕਿ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਮਾਨਸਿਕ-ਸਮਾਜਿਕ ਕਾਉਂਸਲਿੰਗ, ਮੁਫਤ ਕਾਨੂੰਨੀ ਸਹਾਇਤਾ/ਕਾਨੂੰਨੀ ਸਲਾਹ ਮਸ਼ਵਰਾ ਅਤੇ ਪੀੜਤ ਮਹਿਲਾ (ਸਮੇਤ ਬੇਟੀ ਕਿਸੇ ਵੀ ਉਮਰ ਦੀ ਅਤੇ ਬੇਟਾ 8 ਸਾਲ ਤੱਕ) ਨੂੰ ਅਸਥਾਈ ਆਸਰਾ ਵੱਧ ਤੋਂ ਵੱਧ 5 ਦਿਨਾਂ ਲਈ, ਪ੍ਰਦਾਨ ਕਰਨ ਲਈ ਸਖੀ ਵਨ ਸਟਾਪ ਸੈਂਟਰ ਸਕੀਮ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਹਨ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਇਹ ਸੈਂਟਰ ਸਿਵਲ ਹਸਪਤਾਲ, ਫਤਹਿਗੜ੍ਹ ਸਾਹਿਬ ਵਿਚ ਸਾਹਮਣੇ ਐਂਮਰਜੈਂਸੀ ਬਿਲਡਿੰਗ ਵਿਖੇ ਖੋਲ੍ਹਿਆ ਗਿਆ ਹੈ ਔਰਤਾਂ ਦੀ ਸਹਾਇਤਾ ਲਈ ਸੈਂਟਰ ਨਾਲ ਸੰਪਰਕ ਕਰਨ ਲਈ ਟੈਲੀਫੋਨ ਨੰ. 01763-233054, 9988100-415, 9569030645, 7710758976 ਵੀ ਮੁਹੱਈਆ ਕਰਵਾਏ ਗਏ। ਨਿਰਮਲ ਕੌਰ, ਕੇਸ ਵਰਕਰ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨੀ ਅਧਿਕਾਰਾਂ ਜਿਵੇਂ ਕਿ ਜਿਨਸੀ ਸੋਸ਼ਣ ਐਕਟ, ਘਰੇਲੂ ਹਿੰਸਾ ਐਕਟ ਆਦਿ ਪ੍ਰਤੀ ਜਾਗਰੂਕ ਕਰਵਾਇਆ ਗਿਆ। ਉਨ੍ਹਾਂ ਵਲੋਂ ਐਮਰਜੈਂਸੀ ਹੈਲਪ ਲਾਇਨ ਨੰਬਰ 181, 112 ਜਾਂ 1091 ਨੰਬਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਇਹਨਾਂ ਨੰਬਰਾਂ ਤੇ ਔਰਤਾਂ ਤੇ ਹੋ ਰਹੀ ਹਿੰਸਾ ਸਬੰਧੀ ਕਿਸੇ ਵੀ ਸਮੇਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।