ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਦਾ ਆਯੋਜਨ

ਫਾਜ਼ਿਲਕਾ, 20 ਜੁਲਾਈ : ਸਿਵਲ ਸਰਜਨ ਜ਼ਿਲ੍ਹਾ ਫਾਜ਼ਿਲਕਾ ਡਾ: ਸਤੀਸ਼ ਕੁਮਾਰ ਗੋਇਲ, ਸਹਾਇਕ ਸਿਵਲ ਸਰਜਨ ਡਾ: ਬਬੀਤਾ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਰੋਹਿਤ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ: ਵਿਕਾਸ ਗਾਂਧੀ ਦੀ ਅਗਵਾਈ ਹੇਠ ਬਲਾਕ ਖੂਈਖੇੜਾ ਦੇ ਪਿੰਡ ਖੂਈਆਂ ਸਰਵਰ ਵਿਖੇ ਸੈਕਟਰ ਹੈਲਥ ਸੁਪਰਵਾਈਜ਼ਰ ਰਾਜਿੰਦਰ ਸੁਥਾਰ ਦੀ ਮੌਜੂਦਗੀ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਸੁਪਰਵਾਈਜ਼ਰ ਰਾਜਿੰਦਰ ਸੁਥਾਰ ਨੇ ਜ਼ਿਲ੍ਹਾ ਵਾਸੀਆਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਇਸ ਤੋਂ ਬਚਣ ਦੇ ਤਰੀਕੇ ਦੱਸੇ। ਉਨ੍ਹਾਂ ਕਿਹਾ ਕਿ ਹਫ਼ਤੇ ਵਿੱਚ ਇੱਕ ਵਾਰ ਫਰਿੱਜ ਦੀ ਟਰੇ ਅਤੇ ਕੂਲਰ ਨੂੰ ਸਾਫ਼ ਕਰੋ। ਆਲੇ-ਦੁਆਲੇ ਦੀ ਸਫ਼ਾਈ ਰੱਖਣ, ਪਾਣੀ ਖੜ੍ਹਾ ਨਾ ਹੋਣ ਦੇਣ, ਮੱਛਰਦਾਨੀਆਂ ਦੀ ਵਰਤੋਂ ਕਰਨ ਆਦਿ ਬਾਰੇ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਮਲਟੀਪਰਪਜ਼ ਹੈਲਥ ਵਰਕਰ ਹਨੀ ਉਤਰੇਜਾ ਅਤੇ ਨਿਰਮਲਜੀਤ ਨੇ ਕਿਹਾ ਕਿ ਕਾਲਾ ਜਲਾ ਤੇਲ ਵੀ ਹਫ਼ਤੇ ਵਿੱਚ ਇੱਕ ਵਾਰ ਡਰੇਨਾਂ ਅਤੇ ਛੱਪੜਾਂ ਵਿੱਚ ਪਾਉਣਾ ਚਾਹੀਦਾ ਹੈ ਤਾਂ ਜੋ ਖੜ੍ਹੇ ਪਾਣੀ ਵਿੱਚ ਮੱਛਰ ਪੈਦਾ ਨਾ ਹੋਣ। ਬੁਖਾਰ ਦਾ ਕੋਈ ਵੀ ਟੈਸਟ ਤੁਹਾਡੇ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਜਾ ਸਕਦਾ ਹੈ। ਸਰਕਾਰ ਵੱਲੋਂ ਡੇਂਗੂ ਬੁਖਾਰ ਦਾ ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਸੀਐਚਓ ਅੰਜੂ ਬਾਲਾ, ਏਐਨਐਮ ਨਵਦੀਪ ਕੌਰ, ਆਸ਼ਾ ਫੈਸੀਲੀਟੇਟਰ ਸੰਤੋਸ਼ ਰਾਣੀ, ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਅਤੇ ਆਮ ਲੋਕ ਹਾਜ਼ਰ ਸਨ।