ਸਮਾਜ ਨੂੰ ਸੰਵੇਦਨਸ਼ੀਲ ਬਣਾਉਣ ਵਿੱਚ ਲੇਖਕ, ਪੱਤਰਕਾਰ ਤੇ ਬੁੱਧੀਜੀਵੀ ਅੱਗੇ ਆਉਣ : ਮਨਦੀਪ ਸਿੰਘ ਸਿੱਧੂ

ਲੁਧਿਆਣਾ : ਜੁਰਮ, ਨਸ਼ਾਖ਼ੋਰੀ ਤੇ ਹੋਰ ਕੁਰੀਤੀਆਂ ਵਧਣ ਦਾ ਮੁੱਖ ਕਾਰਨ ਸਮਾਜ ਦੀ ਵਧ ਰਹੀ ਸੰਵੇਦਨ ਹੀਣਤਾ ਹੈ। ਇਸ ਨੂੰ ਰੋਕਣ ਲਈ ਸਿਰਫ਼ ਪੁਲੀਸ ਹੀ ਨਹੀਂ ਸਗੋਂ ਲੇਖਕਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਨੂੰ ਅੱਗੇ ਵਧ ਕੇ ਸਰਗਰਮ ਹੋਣ ਦੀ ਲੋੜ ਹੈ ਤਾਂ ਜੋ ਸੰਵੇਦਨਾ ਜਗਾ ਕੇ ਸਮਾਜ ਨੂੰ ਜਿਉਣ ਯੋਗ ਬਣਾਇਆ ਜਾ ਸਕੇ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸ. ਮਨਦੀਪ ਸਿੰਘ ਸਿੱਧੂ ਨੇ ਪੰਜਾਬੀ ਲੇਖਕ ਤੇ ਆਪਣੇ ਸਰਕਾਰੀ ਕਾਲਿਜ ਮੁਕਤਸਰ ਦੇ ਸਹਿਪਾਠੀ ਪੰਜਾਬੀ ਕਵੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਦੀ ਅਗਵਾਈ ਚ ਉਨ੍ਹਾਂ ਨੂੰ ਮਿਲੇ ਲੇਖਕਾਂ ਸੁਸ਼ੀਲ ਦੋਸਾਂਝ ਤੇ ਕਮਲ ਦੋਸਾਂਝ ਤੇ ਆਧਾਰਿਤ ਵਫ਼ਦ ਨਾਲ ਗੱਲਬਾਤ ਕਰਦਿਆਂ ਕਿਹਾ। ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਵੱਡੇ ਕਮਿਸ਼ਨਰੇਟ ਦੀਆਂ ਚੁਣੌਤੀਆ ਤੇ ਸਮੱਸਿਆਵਾਂ ਵੀ ਵੱਡੀਆਂ ਹਨ ਅਤੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਸਮਾਜ ਦੇ ਸਭ ਵਰਗਾਂ ਦੇ ਸਹਿਯੋਗ ਤੇ ਸਾਥ ਦੀ ਲੋੜ ਹੈ। ਤ੍ਰੈਲੋਚਨ ਲੋਚੀ ਤੇ ਸੁਸ਼ੀਲ ਦੋਸਾਂਝ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪੰਜਾਬੀ ਲੇਖਕਾਂ ਨੇ ਹਮੇਸ਼ਾਂ ਹੀ ਧਾਰਮਿਕ ਇਕਸੁਰਤਾ, ਨਸ਼ਾ ਮੁਕਤ ਸਮਾਜ ਉਸਾਰੀ ਤੇ ਸਮਾਜ ਨੂੰ ਜੋੜਨ ਦਾ ਕੰਮ ਹੀ ਕੀਤਾ ਹੈ। ਅਸੀਂ ਆਪਣੀਆਂ ਸੰਸਥਾਵਾਂ ਵੱਲੋਂ ਹੋਰ ਯਤਨ ਕਰਾਂਗੇ ਕਿ ਆਮ ਲੋਕਾਂ ਦੇ ਨਾਲ ਨਾਲ ਸਰਕਾਰੀ ਤੰਤਰ ਵਿੱਚ ਬੈਠੇ ਕਾਰਜਸ਼ੀਲ ਕਰਨੀਆਂ ਨੂੰ ਵੀ ਸਾਹਿੱਤ, ਕੋਮਲ ਕਲਾਵਾਂ ਤੇ ਸੰਗੀਤਕ ਸਰਗਰਮੀਆਂ ਰਾਹੀਂ ਸਮਾਜ ਨੂੰ ਜਿਉਣਯੋਗ ਬਣਾਉਣ ਦਾ ਮਾਹੌਲ ਬਣਾਇਆ ਜਾ ਸਕੇ। ਲੇਖਕਾਂ ਵੱਲੋਂ ਸ. ਮਨਦੀਪ ਸਿੰਘ ਸਿੱਧੂ ਨੂੰ ਪੰਜਾਬੀ ਪੁਸਤਕਾਂ ਦਾ ਸੈੱਟ ਤੇ ਸੁਸ਼ੀਲ ਦੋਸਾਂਝ ਤੇ ਕਮਲ ਦੋਸਾਂਝ ਵੱਲੋਂ ਸੰਪਾਦਿਤ ਤ੍ਰੈਮਾਸਿਕ ਪੱਤਰ ਹੁਣ ਦਾ ਸੱਜਰਾ ਅੰਕ ਭੇਂਟ ਕੀਤਾ ਗਿਆ।