ਧਰਮ ਦੀ ਆੜ ਹੇਠ ਸਰਕਾਰੀ ਜਮੀਨ ’ਤੇ ਕਬਜੇ ਦੀ ਕੋਸਿਸ਼, ਤਿੰਨ ਵਾਰ ਕਬਜਾ ਹਟਾਏ ਜਾਣ ਤੋਂ ਬਾਅਦ ਚੌਥੀ ਵਾਰ ਫੇਰ ਸਰਗਰਮ ਹੋਏ ਨਜ਼ਾਇਜ ਕਬਜਾਕਾਰੀ

ਰਾਏਕੋਟ, 19 ਦਸੰਬਰ (ਚਰਨਜੀਤ ਸਿੰਘ ਬੱਬੂ) : ਕੁੱਝ ਲੋਕ ਧਰਮ ਦੀ ਆੜ ਲੈ ਕੇ ਸਰਕਾਰੀ ਥਾਵਾਂ ’ਤੇ ਕਬਜ਼ੇ ਕਰਨ ਲਈ ਬਾਜਿੱਦ ਜਾਪਦੇ ਹਨ। ਕਿਉਂਕਿ ਸ਼ਹਿਰ ਦੇ ਤਹਿਸੀਲ ਕੰਪਲੈਕਸ ਨੂੰ ਜਾਂਦੀ ਸੜਕ ’ਤੇ ਨਗਰ ਕੌਂਸਲ ਦੀ ਬੇਸ਼ਕੀਮਤੀ ਜਮੀਨ ’ਤੇ ਕਿਸੇ ਵਿਅਕਤੀ ਵੱਲੋਂ ਕੀਤੇ ਕਬਜੇ ਨੂੰ ਤਿੰਨ ਵਾਰ ਹਟਾਉਣ ਤੋਂ ਬਾਅਦ ਕਿਸੇ ਨੇ ਚੌਥੀ ਵਾਰ ਫੇਰ ਕਬਜੇ ਦੀ ਕੋਸ਼ਿਸ ਕੀਤੀ ਹੈ। ਜਿਕਰਯੋਗ ਹੈ ਕਿ ਉਕਤ ਸੜਕ ’ਤੇ ਤਹਿਸੀਲ ਕੰਪਲੈਕਸ ਨਾਲ ਲਗੱਦੀ ਜਗ੍ਹਾ ’ਤੇ ਇਕ ਜੰਡ ਦਾ ਦਰਖਤ ਪਿਛਲੇ ਕਾਫੀ ਸਮੇਂ ਤੋਂ ਖੜ੍ਹਾ ਸੀ। ਸਭ ਤੋਂ ਪਹਿਲਾਂ ਕਿਸੇ ਨੇ ਇਸ ਦੁਆਲੇ ਲਾਲ ਕਪੜਾ ਬੰਨ੍ਹਣਾ ਸ਼ੁਰੂ ਕਰ ਦਿੱਤਾ,  ਹੌਲੀ ਹੌਲੀ ਇਸ ਜਗ੍ਹਾ ਦੀ ਸਾਫ਼ ਸਫ਼ਾਈ ਰੱਖਣ ਤੋਂ ਬਾਅਦ ਇੱਥੇ ਇੱਟਾਂ ਰੱਖ ਦਿੱਤੀਆਂ। ਕੁਝ ਸਮੇਂ ਬਾਅਦ ਇਸ ਦੁਆਲੇ ਇਕ ਥੜ੍ਹਾ ਉਸਾਰ ਦਿੱਤਾ ਗਿਆ, ਨਾਲ ਛੋਟੀਆਂ-ਮੋਟੀਆਂ ਹੋਰ ਉਸਾਰੀਆਂ ਕਰ ਦਿੱਤੀਆਂ ਤੇ ਇਸ ਨੂੰ ਇਕ ਧਾਰਮਿਕ ਸਥਾਨ ਦੀ ਸ਼ਕਲ ਦੇ ਦਿੱਤੀ। ਇਸ ਇੱਕੋ ਥਾਂ ’ਤੇ ਹੋਏ ਕਬਜੇ ਨੂੰ ਨਗਰ ਕੌਂਸਲ ਵਲੋਂ ਤਿੰਨ ਵਾਰ ਹਟਾਇਆ ਗਿਆ ਪਰ ਚੌਥੀ ਵਾਰ ਫੇਰ ਕਿਸੇ ਨੇ ਇੱਥੇ ਖੜ੍ਹੇ ਜੰਡ ਦੇ ਦਰਖਤ ਦੁਆਲੇ ਲਾਲ ਕਪੜਾ ਲਪੇਟ ਕੇ ਦੋ ਮਟੀਆ ਬਣਾ ਕੇ ਉਹਨਾਂ ’ਚ ਕੁੱਝ ਤਸਵੀਰਾਂ ਰੱਖ ਕੇ ਕਬਜੇ ਦੀ ਕੋਸ਼ਿਸ ਕੀਤੀ ਹੈ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਥਾਂ ਤੋਂ ਕਬਜਾ ਰਟਾ ਕੇ ਇਸ ਵਾਰ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾ ਕੇ ਸਰਕਾਰੀ ਥਾਂ ’ਤੇ ਵਾਰ-ਵਾਰ ਕਬਜੇ ਦੀ ਕੌਸ਼ਿਸ਼ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ।