ਥ੍ਰੈਸ਼ਰ ਹਾਦਸੇ ਦੇ ਜ਼ਿਲ੍ਹਾ ਬਰਨਾਲਾ ਵਿੱਚ ਇਕ ਸਾਲ ਦੌਰਾਨ ਪੀੜਤਾਂ ਨੂੰ 21.6 ਲੱਖ ਰੁਪਏ ਦੀ ਸਹਾਇਤਾ ਜਾਰੀ

  • ਖੇਤ, ਮੰਡੀਆਂ ’ਚ ਕੰਮ ਕਰਦੇ ਹੋਏ ਹਾਦਸੇ ਦੌਰਾਨ ਮੌਤ ਹੋਣ ਦੀ ਸੂਰਤ ਵਿੱਚ ਪਰਿਵਾਰ ਨੂੰ 2 ਲੱਖ ਰੁਪਏ ਤੱਕ ਦੀ ਸਹਾਇਤਾ ਦਾ ਪ੍ਰਬੰਧ

ਬਰਨਾਲਾ, 13 ਜੂਨ : ਪੰਜਾਬ ਰਾਜ ਵਿੱਚ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਰਦੇ ਸਮੇਂ ਕਿਸਾਨਾਂ/ਖੇਤ ਮਜ਼ਦੂਰਾਂ ਆਦਿ ਨਾਲ ਥ੍ਰੈਸ਼ਰ ਹਾਦਸਾ ਭਾਵ ਖੇਤਾਂ, ਮੰਡੀਆਂ ਆਦਿ ਵਿੱਚ ਜੇਕਰ ਹਾਦਸਾ ਵਾਪਰ ਜਾਵੇ ਤਾਂ ਸਰਕਾਰ ਵੱਲੋਂ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਹੈ। ਇਸ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਅਗਵਈ ਹੇਠ ਜ਼ਿਲ੍ਹਾ ਬਰਨਾਲਾ ਵਿੱਚ ਪਹਿਲੀ ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਇਕ ਸਾਲ ਦੌਰਾਨ 35 ਲਾਭਪਾਤਰੀਆਂ (ਮੌਤ ਦੇ ਕੇਸ 9, ਅੰਗ ਕੱਟੇ ਜਾਣ ਦੇ ਕੇਸ 26) ਨੂੰ 21,60,000 ਰੁਪਏ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਹਿਲੀ ਅਪ੍ਰੈਲ 2023 ਤੋਂ 31 ਮਈ 2023 ਤੱਕ 6 ਲਾਭਪਾਤਰੀਆਂ (ਅੰਗ ਕੱਟੇ ਜਾਣ ਦੇ ਕੇਸ) ਨੂੰ 2,50,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈੇ। ਉਨ੍ਹਾਂ ਸਕੀਮ ਬਾਰੇ ਦੱਸਿਆ ਕਿ ਜੇਕਰ ਕਿਸਾਨ ਅਤੇ ਖੇਤੀ ਮਜ਼ਦੂਰਾਂ ਨਾਲ ਖੇਤ, ਮੰਡੀ, ਰਸਤੇ ਜਾਂ ਘਰ ਵਿੱਚ ਖੇਤੀਬਾੜੀ ਨਾਲ ਸਬੰਧਤ ਕੰਮ ਕਰਦੇ ਵੇਲੇ ਹਾਦਸਾ ਵਾਪਰ ਜਾਵੇ ਜਾਂ ਅੰਗ ਨਕਾਰਾ ਹੋ ਜਾਵੇ ਜਾਂ ਮੰਡੀ ਮਜ਼ਦੂਰ ਨਾਲ ਮੰਡੀ ਵਿੱਚ ਮਾਰਕੀਟਿੰਗ ਦੀ ਪ੍ਰਤੀਕਿਰਿਆ ਕਰਦੇ ਸਮੇਂ ਹਾਦਸਾ ਵਾਪਰ ਜਾਵੇ ਜਾਂ ਅੰਗ ਨਕਾਰਿਆ ਜਾਵੇ ਤਾਂ ਉਸ ਸੂਰਤ ਵਿੱਚ ਮੰਡੀ ਬੋਰਡ ਦੀ ਨਿਰਧਾਰਿਤ ਨੀਤੀ ਅਨੁਸਾਰ ਵਿੱਤੀ ਸਹਾਇਤਾ ਦੇਣ ਦਾ ਉਪਬੰਧ ਹੈ। ਮੌਤ ਹੋ ਜਾਣ ਦੀ ਸੂਰਤ ਵਿੱਚ 2 ਲੱਖ ਰੁਪਏ, ਦੋ ਅੰਗ ਕੱਟੇ ਜਾਣ ਜਾਂ ਦੋ ਅੰਗ ਮਰਨ ਜਿਵੇਂ ਹੱਥ, ਬਾਂਹ, ਲੱਤ, ਅੱਖ, ਪੈਰ ਆਦਿ ਜਾਂ ਕੋਈ ਹੋਰ ਗੰਭੀਰ ਜ਼ਖ਼ਮ ਜਾਂ ਸਰੀਰ ਦੇ ਕੋਈ ਹੋਰ ਦੋ ਅੰਗ ਜਿਸ ਨੂੰ ਕਿ ਚੇਅਰਮੈਨ ਬੋਰਡ ਵੱਲੋਂ ਵਿਸ਼ੇਸ਼ ਤੌਰ ’ਤੇ ਨਕਾਰਾ ਜਾਂ ਗੰਭੀਰ ਜਖਮ ਐਲਾਨੇ ਜਾਣ ਦੀ ਸੂਰਤ ਵਿੱਚ 60 ਹਜ਼ਾਰ ਰੁਪਏ ਤੇ ਉਂਗਲ ਕੱਟੇ ਜਾਣ ’ਤੇ ਵੀ ਸਕੀਮ ਦੇ ਨੇਮਾਂ ਅਨੁਸਾਰ ਸਹਾਇਤਾ ਦਿੱਤੀ ਜਾਂਦੀ ਹੈ। ਅੰਗ ਨਕਾਰਾ ਹੋਣ ਦੀ ਸੂਰਤ ਵਿੱਚ 25 ਫੀਸਦੀ ਤੋਂ 50 ਫੀਸਦੀ ਤੱਕ 50 ਹਜ਼ਾਰ ਰੁਪਏ, 51 ਫੀਸਦੀ ਤੋਂ 75 ਫੀਸਦੀ ਤੱਕ 75 ਹਜ਼ਾਰ ਰੁਪਏ ਤੇ 76 ਫੀਸਦੀ ਤੋਂ 100 ਫੀਸਦੀ ਤੱਕ ਇਕ ਲੱਖ ਰੁਪਏ ਸਹਾਇਤਾ ਦੇਣ ਦਾ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਜੇਕਰ ਖੇਤ ਵਿੱਚ ਸੱਪ ਦੇ ਡੰਗਣ, ਕਰੰਟ ਲੱਗਣ ਆਦਿ ਨਾਲ ਮੌਤ ਹੁੰਦੀ ਹੈ ਤਾਂ ਇਸ ਸਕੀਮ ਤਹਿਤ 2 ਲੱਖ ਤੱਕ ਦੀ ਸਹਾਇਤਾ ਦਾ ਪ੍ਰਬੰਧ ਹੈ। ਜ਼ਿਲ੍ਹਾ ਮੰਡੀ ਅਫਸਰ ਬਰਨਾਲਾ ਅਸਲਮ ਮੁਹੰਮਦ ਨੇ ਦੱਸਿਆ ਕਿ ਇਸ ਸਬੰਧੀ ਲੋੜੀਂਦੇ ਦਸਤਾਵੇਜ਼ ਪੰਜਾਬ ਮੰਡੀ ਬੋਰਡ ਵੱਲੋਂ ਨਿਰਧਾਰਿਤ ਮਾਰਕੀਟ ਕਮੇਟੀਆਂ ਵਿਖੇ ਉਪਲੱਬਧ ਫਾਰਮ, ਆਧਾਰ ਕਾਰਡ, ਮੌਤ ਹੋਣ ਦੀ ਸੂਰਤ ਵਿੱਚ ਮੌਤ ਦਾ ਸਰਟੀਫਿਕੇਟ, ਅੰਗ ਕੱਟੇ ਜਾਣ ਦੀ ਸੂਰਤ ਵਿੱਚ ਡਾਕਟਰ ਵੱਲੋਂ ਤਸਦੀਕੀ ਪ੍ਰੋਫਾਰਮਾ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਵਿੱਤੀ ਸਹਾਇਤਾ ਵਾਸਤੇ ਸੇਵਾ ਕੇਂਦਰਾਂ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ।