ਦਿਵਿਆਂਗਜਨਾਂ ਵਿਅਕਤੀਆਂ ਨੂੰ ਨਕਲੀ ਅੰਗ ਪ੍ਰਦਾਨ ਕਰਨ ਲਈ 03 ਅਤੇ 04 ਜਨਵਰੀ ਨੂੰ ਲਗਾਏ ਜਾਣਗੇ ਅਸੈਸਮੈਂਟ ਕੈਂਪ : ਡਿਪਟੀ ਕਮਿਸ਼ਨਰ

  • ਅਲਿਮਕੋ ਵੱਲੋਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੇ ਬਸੀ ਪਠਾਣਾ ਵਿਖੇ ਲੋੜਵੰਦਾਂ ਨੂੰ ਨਕਲੀ ਅੰਗ ਪ੍ਰਦਾਨ ਕਰਨ ਲਈ ਕੀਤੀ ਜਾਵੇਗੀ ਅਸੈਸਮੈਂਟ

ਫ਼ਤਹਿਗੜ੍ਹ ਸਾਹਿਬ, 22 ਦਸੰਬਰ : ਜ਼ਿਲ੍ਹੇ ਦੇ ਦਿਵਿਆਂਗਜ਼ਨਾਂ ਨੂੰ ਨਕਲੀ ਅੰਗ ਪ੍ਰਦਾਨ ਕਰਨ ਲਈ ਅਲਿਮਕੋ ਵੱਲੋਂ 3 ਤੇ 4 ਜਨਵਰੀ ਨੂੰ ਫ਼ਤਹਿਗੜ੍ਹ ਸਾਹਿਬ ਤੇ ਬਸੀ ਪਠਾਣਾ ਦੇ ਸਿਵਲ ਹਸਪਤਾਲ ਅੰਦਰ ਅਸੈਸਮੈਂਟ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਨ੍ਹਾਂ ਅਸੈਸਮੈਂਟ ਕੈਂਪਾਂ ਵਿੱਚ ਉਨ੍ਹਾਂ ਲੋੜਵੰਦ ਦਿਵਿਆਂਗਜ਼ਨਾਂ ਜਿਨ੍ਹਾਂ ਦੇ ਅੰਗ ਪੈਰ ਨਹੀਂ ਹਨ ਜਾਂ ਕਿਸੇ ਕਾਰਨ ਕੱਟੇ ਗਏ ਹਨ, ਕੰਨਾਂ ਤੋਂ ਉੱਚਾ ਸੁਣਨ ਵਾਲੀਆਂ ਮਸ਼ੀਨਾਂ, ਨੇਤਰਹੀਣਾ ਨੂੰ ਸਟਿੱਕ ਅਤੇ ਵੀਲ੍ਹ ਚੇਅਰ, ਟਰਾਈ ਸਾਇਕਲ, ਬੈਟਰੀ ਵਾਲੀ ਵੀਲ੍ਹ ਚੇਅਰ ਆਦਿ ਛੇਤੀ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਦਿਵਿਆਂਗਜਨਾਂ ਨੇ ਨਕਲੀ ਅੰਗ ਲਗਵਾਉਣਾ ਹੈ ਤਾਂ ਉਹ ਕੈਂਪ ਵਾਲੇ ਦਿਨ ਆਪਣੇ ਨਾਲ ਦਿਵਿਆਂਗਜਨ ਪਹਿਚਾਣ ਪੱਤਰ ਦੇ ਤੌਰ ਤੇ ਯੂ.ਡੀ.ਈ.ਡੀ.ਕਾਰਡ, ਆਧਾਰ ਕਾਰਡ, ਪਾਸਪੋਰਟ ਸਾਇਜ ਤਾਜਾ ਫੋਟੋ, ਤਹਿਸੀਲਦਾਰ, ਕਿਸੇ ਸਕੂਲ ਜਾਂ ਕਾਲਜ ਦੇ ਪ੍ਰਿੰਸੀਪਲ, ਸਮਰੱਥ ਮਾਲ ਅਥਾਰਟੀ, ਸਰਪੰਚ ਜਾਂ ਐਮ.ਸੀ. ਵੱਲੋਂ ਤਸਦੀਕਸ਼ੁਦਾ 22,500/-ਰੁਪਏ ਜਾਂ ਇਸ ਤੋਂ ਘੱਟ ਮਹੀਨਾਵਾਰ ਆਮਦਨ ਸਰਟੀਫਿਕੇਟ ਲੈ ਕੇ ਕੈਂਪ ਵਿੱਚ ਪਹੁੰਚਣ। ਉਨ੍ਹਾਂ ਜ਼ਿਲ੍ਹੇ ਦੇ ਦਿਵਿਆਂਗਜਨਾ ਨੂੰ ਅਪੀਲ ਕੀਤੀ ਕਿ ਇਨ੍ਹਾਂ ਅਸੈਸਮੈਂਟ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਇਨ੍ਹਾਂ ਕੈਂਪਾਂ ਵਿੱਚ ਪਹੁੰਚਣ।