ਰਾਏਕੋਟ ਦਾ ਮੁੰਡਾ ਅਰਪਨ ਖੰਨਾ ਕੈਨੇਡਾ 'ਚ ਬਣਿਆ ਮੇਂਬਰ ਪਾਰਲੀਮੈਂਟ

ਰਾਏਕੋਟ, 20 ਜੂਨ (ਚਮਕੌਰ ਸਿੰਘ ਦਿਓਲ) : ਰਾਏਕੋਟ ਦੇ ਸਾਬਕਾ ਕੌਂਸਲਰ ਸੁਭਾਸ਼ ਖੰਨਾ ਦੇ ਪੁੱਤਰ ਅਰਪਨ ਖੰਨਾ ਦੇ ਦੱਖਣੀ ਓਨਟਾਰੀਓ (ਕਨੇਡਾ) ਦੀ ਹੋਈ ਉਪ ਚੋਣ ਵਿੱਚ ਕੰਜ਼ਰਵੇਟਿਵ ਪਾਰਟੀ ਵਲੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਨਾਲ ਰਾਏਕੋਟ ’ਚ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿੱਤਰਾਂ ’ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੰਘੇ ਸੋਮਵਾਰ ਨੂੰ ਓਨਟਾਰੀਓ (ਕਨੇਡਾ) ਦੀ ਹੋਈ ਉਪ ਚੋਣ ਵਿੱਚ ਆਕਸਫੋਰਡ ਕੰਜ਼ਰਵੇਟਿਵ ਪਾਰਟੀ ਦੇ ਆਊਟਰੀਚ ਚੇਅਰਮੈਨ ਅਤੇ ਬਰੈਂਪਟਨ ਦੇ ਵਕੀਲ ਅਰਪਨ ਖੰਨਾ ਨੇ ਆਪਣੇ ਵਿਰੋਧੀ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹਿਲਡਰਲੇ ਨੂੰ 35.6 ਫੀਸਦੀ ਦੇ ਮੁਕਾਬਲੇ 43.6 ਫੀਸਦੀ ਵੋਟਾਂ ਨਾਲ ਹਰਾ ਕੇ ਆਪਣੇ ਜੱਦੀ ਸ਼ਹਿਰ ਰਾਏਕੋਟ ਦਾ ਨਾਂ  ਵੀ ਰੌਸ਼ਨ ਕੀਤਾ ਹੈ। ਆਪਣੇ ਮਾਤਾ-ਪਿਤਾ ਸੁਭਾਸ਼ ਖੰਨਾ ਅਤੇ ਕਿਰਨ ਖੰਨਾ ਤੋਂ ਸਮਾਜ ਸੇਵਾ ਦੇ ਗੁਣ ਵਿਰਸੇ ਵਿੱਚ ਪ੍ਰਾਪਤ ਕਰਕੇ, ਨਵੇਂ ਚੁਣੇ ਗਏ ਸੰਸਦ ਮੈਂਬਰ ਅਰਪਨ ਖੰਨਾ ਹਮੇਸ਼ਾ ਆਪਣੇ ਭਾਈਚਾਰੇ ਤੇ ਮਾਨਵਤਾ ਦੀ ਸੇਵਾ ਲਈ ਮੋਹਰੀ ਹੋ ਕੇ ਕੰਮ ਕਰਦੇ ਰਹੇ ਹਨ, ਜੋ ਕਿ ਉਨ੍ਹਾਂ ਦੀ ਜਿੱਤ ਦਾ ਇੱਕ ਵੱਡਾ ਆਧਾਰ ਬਣਿਆ ਹੈ। ਰਾਏਕੋਟ ’ਚ ਰਹਿੰਦੇ ਉਨ੍ਹਾਂ ਦੇ ਚਚੇਰੇ ਭਰਾ ਮਨੀਸ਼ ਖੰਨਾ ਤੇ ਗੁਆਂਢੀ ਸੰਦੀਪ ਸੋਨੀ ਨੇ  ਇਸ ਜਿੱਤ ’ਤੇ ਖੁਸ਼ੀ ਪ੍ਰਗਟ ਕਰਦਿਆਂ, ਇਸ ਜਿੱਤ ਨੂੰ ਰਾਏਕੋਟ ਦਾ ਮਾਣ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਅਰਪਨ ਖੰਨਾ ਇੱਕ ਇਮੀਗ੍ਰੇਸ਼ਨ ਐਡਵੋਕੇਟ ਵਜੋਂ ਅਨਟਾਰੀਓ ਖੇਤਰ ਦੇ ਭਾਰਤੀਆਂ, ਜਿਨ੍ਹਾਂ ਨੂੰ ਵੱਖ-ਵੱਖ ਮੁੱਦਿਆਂ ’ਤੇ ਕਾਨੂੰਨੀ ਸਹਾਇਤਾ ਦੀ ਲੋੜ ਹੁੰਦੀ ਹੈ ਦੀ ਸੇਵਾ ਭਾਵਨਾ ਨਾਲ ਮਦਦ ਕਰ ਰਿਹਾ ਹੈ ਤੇ ਉਹ ਆਪਣੇ ਭਾਈਚਾਰੇ ’ਚ ਹਰਮਨ ਪਿਆਰਾ ਹੋਣ ਕਰਕੇ ਹੀ ਅਨਟਾਰੀਓ ਦਾ ਸੰਸਦ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਖੁਸ਼ੀ ਮਨਾਉਣ ਵਾਲਿਆਂ ’ਚ ਜੋਗਿੰਦਰਪਾਲ ਜੱਗੀ ਮੱਕੜ, ਸੰਦੀਪ ਸਿੰਘ ਸੋਨੀ ਬਾਬਾ, ਚਮਕੌਰ ਸਿੰਘ ਦਿਉਲ, ਪ੍ਰਦੀਪ ਨਾਰੰਗ, ਡਿਪਲੂ ਜੈਨ, ਗੁਰਦੀਪ ਸਿੰਘ, ਕਾਲਾ ਸਿੰਘ ਆਦਿ ਵੀ ਸ਼ਾਮਲ ਸਨ।