ਜੀ ਜੀ ਐੱਨ ਖਾਲਸਾ ਕਾਲਿਜ ਵਿੱਚ ਪਰਵਾਸ  ਦਾ ਅਪ੍ਰੈਲ-ਮਈ ਕੈਨੇਡਾ ਵਿਸ਼ੇਸ਼ ਅੰਕ ਲੋਕ ਅਰਪਣ

  • ਪ੍ਰਧਾਨਗੀ ਲੋਕ ਮੰਚ ਦੇ ਪ੍ਰਧਾਨ ਅਮਰੀਕਾ ਵਾਸੀ ਕਵੀ  ਸੁਰਿੰਦਰ ਸਿੰਘ ਸੁੰਨੜ ਨੇ ਕੀਤੀ

ਲੁਧਿਆਣਾ, 15 ਅਪ੍ਰੈਲ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੱਜ ਪਰਵਾਸ ਮੈਗਜ਼ੀਨ ਦਾ 32ਵਾਂ ਅਪ੍ਰੈਲ-ਮਈ ਕੈਨੇਡਾ ਵਿਸ਼ੇਸ਼ ਅੰਕ ਭਾਗ-1 ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਅਮਰੀਕਾ ਵੱਸਦੇ ਪੰਜਾਬੀ ਕਵੀ ਸ. ਸੁਰਿੰਦਰ ਸਿੰਘ ਸੁੱਨੜ ਪ੍ਰਧਾਨ ਲੋਕ ਮੰਚ, ਪੰਜਾਬ ਨੇ ਕੀਤੀ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਅਤੇ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪਰਵਾਸੀ ਪੰਜਾਬੀ ਲੇਖਕ ਚਰਨਜੀਤ ਸਿੰਘ ਪੰਨੂ (ਅਮਰੀਕਾ), ਹਰਸ਼ਰਨ ਕੌਰ (ਕੈਨੇਡਾ), ਗੁਰਚਰਨ ਸੱਗੂ (ਬਰਤਾਨੀਆ), ਗੁਰਚਰਨ ਕੌਰ ਥਿੰਦ (ਕੈਨੇਡਾ), ਰਮਿੰਦਰ ਕੌਰ ਰਮੀ ਵਾਲੀਆ (ਕੈਨੇਡਾ) ਅਤੇ ਪ੍ਰੋ. ਜਸਪਾਲ ਸਿੰਘ (ਇਟਲੀ) ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਨੇ ਦੱਸਿਆ ਕਿ ਤੈ੍ਰ ਮਾਸਿਕ ਪੱਤ੍ਰਿਕਾ ਪਰਵਾਸ ਦੇ 32ਵੇਂ ਅੰਕ ਵਿਚ ਓਂਟਾਰੀਓ, ਕਿਊਬਿਕ, ਹੈਲੀਫੈਕਸ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਵਿਚ ਵੱਸਦੇ 150 ਦੇ ਕਰੀਬ ਪੰਜਾਬੀ ਲੇਖਕਾਂ ਦਾ ਜੀਵਨ ਬਿਓਰਾ ਤੇ ਸਾਹਿਤਕ ਦੇਣ ਦਾ ਵੇਰਵਾ ਪ੍ਰਕਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀ ਦਿਲੀ ਇੱਛਾ ਹੈ ਕਿ ਕੈਨੇਡਾ ਦੇ ਇਸ ਖਿੱਤੇ ਦੀਆਂ ਸਾਹਿਤ ਸਭਾਵਾਂ ਆਪਸੀ ਸਾਂਝ ਨਾਲ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਹੋਣ। ਪ੍ਰੋ. ਗੁਰਭਜਨ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਅਤੇ ਪਰਵਾਸ ਮੈਗਜ਼ੀਨ ਦੇ ਮੁੱਖ ਸਲਾਹਕਾਰ ਨੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਪਰਵਾਸ ਮੈਗਜ਼ੀਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਮੈਗਜ਼ੀਨ ਨੇ ਵਿਸ਼ਵ ਭਰ ਵਿਚ ਆਪਣੀ ਅਲੱਗ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅੰਕ ਵਿਚ ਕੈਨੇਡਾ ਦੇ ਲੇਖਕਾਂ ਦੇ ਨਾਲ ਨਾਲ ਕੈਨੇਡੀਅਨ ਪੰਜਾਬੀ ਕਵਿਤਾ ਬਾਰੇ ਸੁਰਜੀਤ ਟੋਰਾਂਟੋ, ਕਹਾਣੀ ਬਾਰੇ ਅਮਨਦੀਪ ਹੀਰਾ ਅਤੇ ਅਮਨਪਾਲ ਸਾਰਾ ਦੇ ਜੀਵਨ ਅਤੇ ਸਾਹਿਤਕ ਦੇਣ ਬਾਰੇ ਸੁਖਵੰਤ ਹੁੰਦਲ ਦੇ ਲੇਖਕ ਮੁੱਲਵਾਨ ਜਾਣਕਾਰੀ ਦਿੰਦੇ ਹਨ। ਸ. ਸੁਰਿੰਦਰ ਸਿੰਘ ਸੁੱਨੜ ਨੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਵਿਸ਼ਵ ਭਰ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕਾਂ ਦਾ ਵਿਸ਼ਵਕੋਸ਼ ਤਿਆਰ ਕਰਨ ਦਾ ਉਪਰਾਲਾ ਪ੍ਰਸੰਸਾਯੋਗ ਹੈ। ਉਨ੍ਹਾਂ ਨੇ ਪਰਵਾਸੀਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕੀਤੀ।  ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪੋ੍. ਸ਼ਰਨਜੀਤ ਕੌਰ ਨੇ ਪਰਵਾਸ ਦੇ ਇਸ ਅੰਕ ਬਾਰੇ ਸਰੋਤਿਆਂ ਨੂੰ ਵਿਸਥਾਰ ਵਿਚ ਜਾਣਕਾਰੀ ਦਿੱਤੀ।  ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸਭਨਾਂ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਭਵਿੱਖ ਵਿਚ ਵੀ ਨਿਰੰਤਰ ਅਜਿਹੀਆਂ ਸਰਗਰਮੀਆਂ ਉਲੀਕਦਾ ਰਹੇਗਾ।  ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਉਹ ਉਨ੍ਹਾਂ ਸਭ ਕੈਨੇਡੀਅਨ ਲੇਖਕਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਇਸ ਅੰਕ ਲਈ ਆਪਣਾ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ, ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਸ਼ਾਇਰ ਤ੍ਰੈਲੋਚਨ ਲੋਚੀ, ਪ੍ਰੋ ਕੁਲਜੀਤ ਕੌਰ ਐਚ ਐਮ ਵੀ ਕਾਲਜ ਜਲੰਧਰ, ਡਾ. ਗੁਰਪ੍ਰੀਤ ਸਿੰਘ, ਡਾ. ਸੁਸ਼ਮਿੰਦਰਜੀਤ ਕੌਰ, ਡਾ. ਹਰਗੁਣਜੋਤ ਕੌਰ, ਡਾ. ਮਨਦੀਪ ਕੌਰ ਰੰਧਾਵਾ, ਡਾ. ਭੁਪਿੰਦਰਜੀਤ ਕੌਰ, ਪ੍ਰੋ. ਨਿਧੀ ਭਨੋਟ ਤੇ ਰਾਜਿੰਦਰ ਸਿੰਘ ਸੰਧੂ ਤੇ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਰਹੇ।