ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਕਾਰਪੋਰੇਟ ਪੱਖੀ ਚਿਹਰਾ ਲੋਕਾਂ ਸਾਹਮਣੇ ਬਿਲਕੁੱਲ ਨੰਗਾ ਹੋ ਚੁੱਕਾ ਹੈ : ਮਨਜੀਤ ਧਨੇਰ

ਬਰਨਾਲਾ, 29 ਜਨਵਰੀ (ਭੁਪਿੰਰ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੱਖੋਂ ਕੈਂਚੀਆਂ ਕੋਲ ਪਲਾਜ਼ਾ ਵਿਖੇ ਵੱਡਾ ਇਕੱਠ ਕਰਕੇ ਮੋਦੀ ਹਕੂਮਤ ਨੂੰ ਲਲਕਾਰਿਆ। ਕੇਂਦਰ ਸਰਕਾਰ ਵੱਲੋਂ ਦਿੱਲੀ ਮੋਰਚੇ ਸਮੇਂ ਮੰਨੀਆਂ ਜਾ ਚੁੱਕੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲ ਮਟੋਲ ਕਰਨ ਦੇ ਫੈਸਲੇ ਦਾ ਜੋਰਦਾਰ ਵਿਰੋਧ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਕਾਰਪੋਰੇਟ ਪੱਖੀ ਚਿਹਰਾ ਲੋਕਾਂ ਸਾਹਮਣੇ ਬਿਲਕੁੱਲ ਨੰਗਾ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਨੁਮਾਇੰਦੇ ਸਮੇਤ ਮੌਜੂਦਾ ਮੁੱਖ ਮੰਤਰੀ ਇਸ ਟੋਲ ਪਲਾਜ਼ਾ ਨੂੰ ਪੁਟਵਾਉਣ ਦਾ ਖੇਖਣ ਕਰਦੇ ਰਹੇ ਹਨ। ਅੱਜ ਉਨ੍ਹਾਂ ਹੀ ਸਿਆਸਤਦਾਨਾਂ ਦੀ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਜ਼ੁਬਾਨ ਠਾਕੀ ਗਈ ਹੈ। ਇਹੋ ਕੁੱਝ ਇਸ ਸਰਕਾਰ ਨੇ ਮਾਲਬਰੋਸ ਫੈਕਟਰੀ ਮਨਸੂਰਵਾਲ (ਜੀਰਾ) ਵੇਲੇ ਨਿਭਾਇਆ ਪਰ ਲੋਕਾਂ ਦੀ ਜਥੇਬੰਦਕ ਤਾਕਤ ਨੇ ਹਾਕਮਾਂ ਦੇ ਕਿਰਦਾਰ ਨੂੰ ਬਹੁਤ ਚੰਗੀ ਤਰ੍ਹਾਂ ਪਹਿਚਾਣ ਲਿਆ ਹੈ। ਦੁਸ਼ਮਣ ਦੀ ਖੂੰਖਾਰ ਤਾਕਤ ਨੂੰ ਹਰਾਉਣ ਲਈ ਸਾਂਝੇ ਤਰਥੱਲਪਾਊ ਸੰਘਰਸ਼ ਦਾ ਵੱਡਾ ਤਜੁਰਬਾ ਵੀ ਹਾਸਲ ਕਰ ਗਿਆ ਹੈ। ਜਿਸ ਦੀ ਉਦਾਹਰਨ 25 ਸਾਲ ਪਹਿਲਾਂ ਮਹਿਲਕਲਾਂ ਦੀ ਧਰਤੀ ਤੋਂ ਗੁੰਡਾ ਪੁਲਿਸ, ਸਿਆਸੀ ਤੇ ਅਦਾਲਤੀ ਗੱਠਜੋੜ ਖ਼ਿਲਾਫ਼ ਸ਼ੁਰੂ ਕਰਕੇ ਵੱਡੀਆਂ ਚੁਣੌਤੀਆਂ ਸੰਗ ਭਿੜਦਿਆਂ ਇਤਿਹਾਸਕ ਜਿੱਤ ਹਾਸਲ ਕੀਤੀ ਸੀ। ਤਾਨਾਸ਼ਾਹ ਮੋਦੀ ਹਕੂਮਤ ਨੂੰ ਹਰਾਉਣ ਦਾ ਅਮੀਰ ਵਿਰਸਾ ਵੀ ਸਾਡੇ ਕੋਲ ਹੈ। ਆਗੂਆਂ ਭੋਲਾ ਸਿੰਘ ਛੰਨਾਂ, ਕੁਲਵੰਤ ਸਿੰਘ ਭਦੌੜ, ਜਗਰਾਜ ਸਿੰਘ ਹਰਦਾਸਪੁਰਾ, ਦਰਸ਼ਨ ਸਿੰਘ ਉੱਗੋਕੇ, ਬਲਦੇਵ ਸਿੰਘ ਭਾਈਰੂਪਾ ਨੇ ਕਿਹਾ ਕਿ ਭਾਵੇਂ ਕਿ ਕਿਸਾਨਾਂ ਦੇ ਕਾਤਲ ਮਿਸ਼ਰੇ ਨੂੰ ਸੁਪਰੀਮ ਕੋਰਟ ਨੇ 8 ਹਫ਼ਤਿਆਂ ਲਈ ਜਮਾਨਤ ਦੇ ਕੇ ਕਿਰਤੀ ਲੋਕਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ, ਜੋ ਕਿ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਤੱਕ ਤਿੱਖਾ ਅਤੇ ਵਿਸ਼ਾਲ ਸਾਂਝਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਾਹਿਬ ਸਿੰਘ ਬਡਬਰ, ਕਾਲਾ ਸਿੰਘ ਜੈਦ, ਅਮਨਦੀਪ ਸਿੰਘ ਭਦੌੜ ਅਤੇ ਹਰਮੰਡਲ ਸਿੰਘ ਜੋਧਪੁਰ, ਅਮਰਜੀਤ ਸਿੰਘ ਮਹਿਲ ਖੁਰਦ, ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਦੇਸ਼ ਭਰ ਦੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਤਬਕਿਆਂ ਨੇ ਇੱਕਮੁੱਠ ਹੋ ਕੇ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਦਾ ਡਟ ਕੇ ਵਿਰੋਧ ਕੀਤਾ ਗਿਆ ਸੀ। ਸਾਂਝੇ ਕਿਸਾਨ ਅੰਦੋਲਨ ਦੇ ਸਿੱਟੇ ਵਜੋਂ ਕੇਂਦਰ ਦੀ ਸਰਕਾਰ ਝੁਕ ਕੇ ਕਾਲ਼ੇ ਕਾਨੂੰਨ ਵਾਪਸ ਲੈਣ ਅਤੇ ਐਮ ਐਸ ਪੀ ਦੀ ਗਰੰਟੀ ਵਾਲਾ ਕਾਨੂੰਨ ਬਨਾਉਣ ਸਬੰਧੀ ਲਿਖਤੀ ਸਮਝੌਤਾ ਕਰਨ ਲਈ ਮਜਬੂਰ ਹੋਈ ਸੀ। ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਅਤੇ ਮੰਗਾਂ ਲਾਗੂ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ। ਇਸ ਲਈ ਕਿਸਾਨ ਮੁੜ ਝੰਡਾ ਚੁੱਕਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਦਿੱਲੀ ਵਿਖੇ ਸ਼ਹੀਦ ਹੋਏ ਕਿਸਾਨਾਂ ਬਾਰੇ, ਕਿਸਾਨ ਆਗੂਆਂ ਉੱਤੇ ਪਾਏ ਝੂਠੇ ਕੇਸ ਵਾਪਸ ਲੈਣ ਅਤੇ ਲਖੀਮਪੁਰ ਕਤਲ ਕਾਂਡ ਦੇ ਦੋਸ਼ੀਆਂ ਉੱਤੇ ਬਣਦੀ ਕਾਰਵਾਈ ਕਰਨ ਬਾਰੇ ਵੀ ਸਰਕਾਰ ਟਾਲਮਟੋਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਆਖ਼ਰੀ ਪਲਾਂ ਤੱਕ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ। ਬੁਲਾਰਿਆਂ ਨੇ ਪੱਖੋਂ ਕੈਂਚੀਆਂ ਕੋਲ ਪਲਾਜ਼ਾ ਪੁਟਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।‌ ਇਸ ਸਮੇਂ ਵੱਡੀ ਗਿਣਤੀ ਕਿਸਾਨ ਔਰਤਾਂ ਅਤੇ ਮਰਦ, ਨੌਜਵਾਨ ਆਗੂ ਵੀ ਸ਼ਾਮਲ ਸਨ।