ਹਰ ਸ਼ੁੱਕਰਵਾਰ,ਡੇਂਗੂ ਤੇ ਵਾਰ” ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਸਰਕਾਰੀ ਅਦਾਰਿਆਂ ਵਿਚ  ਕੀਤੀਆਂ ਗਈਆਂ ਡੇਂਗੂ ਵਿਰੋਧੀ ਗਤੀਵਿਧੀਆਂ

  • ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ “ਹਰ ਸ਼ੁੱਕਰਵਾਰ,ਡੇਂਗੂ ਤੇ ਵਾਰ” ਮੁਹਿੰਮ ਅਧੀਨ ਡੇਂਗੂ ਤੋਂ ਬਚਾਅ ਲਈ ਇਕ ਹਫਤੇ ਤੋਂ ਵੱਧ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ : ਡਾ ਨਵਜੋਤ ਕੋਰ ਸਿਵਲ ਸਰਜਨ

ਸ਼੍ਰੀ ਮੁਕਤਸਰ ਸਾਹਿਬ 9 ਅਗਸਤ 2024 : ਡਾ ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿਚ  ਹਰ ਸ਼ੁੱਕਰਵਾਰ ਨੂੰ “ਹਰ ਸ਼ੁੱਕਰਵਾਰ,ਡੇਂਗੂ ਤੇ ਵਾਰ” ਮੁਹਿੰਮ ਅਧੀਨ  ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਾ ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਅੱਜ “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਤਹਿਤ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਿਹਤ ਵਿਭਾਗ ਟੀਮਾ ਵਲੋਂ ਐਸ.ਐਸ.ਪੀ. ਦਫਤਰ, ਵੂਮੇਨ ਸੈਲ, ਪੁਲਿਸ ਲਾਇਨ ਕੁਆਰਟਰ, ਐਮ.ਐਸ.ਕੇ. ਸਟੋਰ, ਸਾਇਬਰ ਪੁਲਿਸ ਸਟੇਸ਼ਨ, ਜਿਲ੍ਹਾ ਖੇਤੀਬਾੜੀ ਦਫਤਰ ਤੇ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਡਾ ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ ਸ਼੍ਰੀ ਮੁਕਤਸਰ ਸਾਹਿਬ ਨੇ ਟੀਮਾਂ ਦੀ ਸੁਪਰਵਿਜ਼ਨ ਕੀਤੀ ਅਤੇ ਕਿਹਾ ਕਿ ਇਸ ਮੁਹਿੰਮ ਤਹਿਤ  ਸਿਹਤ ਵਿਭਾਗ ਦੀਆਂ ਟੀਮਾ ਵਲੋਂ ਰੋਜਾਨਾ ਘਰ ਘਰ ਅਤੇ ਜਨਤਕ ਥਾਵਾਂ ਤੇ ਜਾ ਕੇ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਾਣੀ ਖੜਨ ਵਾਲੇ ਸਰੋਤਾਂ ਵਿਚ ਐਂਟੀ ਲਾਰਵੀਅਲ ਸਪਰੇ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਜੋ ਡੇਂਗੂ ਦੀ ਬੀਮਾਰੀ ਤੋਂ ਬਚਾਅ ਹੋ ਸਕੇ। ਉਨ੍ਹਾ ਕਿਹਾ ਕਿ ਚੱਲ ਰਹੇ ਬਰਸਾਤੀ ਮੌਸਮ ਦੌਰਾਨ ਖਾਲੀ ਜਗ੍ਹਾ ਜਿੱਥੇ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਮੱਛਰ ਪੈਦਾ ਹੋ ਜਾਂਦਾ ਅਤੇ ਡੈਂਗੂ ਅਤੇ ਵਾਟਰ ਬੋਰਨ ਬੀਮਾਰੀਆਂ ਫੈਲਣ ਦਾ ਖਤਰਾ ਵਧ ਜਾਂਦਾਂ ਹੈ, ਇਸ ਲਈ ਆਪਣੇ ਘਰਾਂ ਅਤੇ ਘਰਾਂ ਦੇ ਆਲੇ ਦੁਆਲੇ ਪਾਣੀ ਜਮ੍ਹਾ ਨਹੀ ਹੋਣ ਦੇਣਾ ਚਾਹੀਦਾ। ਉਨ੍ਹਾ ਕਿਹਾ ਕਿ ਹਰ ਸ਼ੁੱਕਰਵਾਰ ਨੂੰ  “ਹਰ ਸ਼ੁੱਕਰਵਾਰ,ਡੇਂਗੂ ਤੇ ਵਾਰ” ਦੇ ਤੌਰ ਤੇ ਮਨਾਇਆ ਜਾਵੇ ਅਤੇ ਇਸ ਦਿਨ ਪਾਣੀ ਸਟੋਰ ਕਰਨ ਵਾਲੇ ਬਰਤਨਾਂ ਨੂੰ ਇਕ ਵਾਰ ਸੁਕਾ ਕੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾਵੇ ਤਾਂ ਜੋ ਮੱਛਰ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ। ਇਸ ਮੌਕੇ ਭਗਵਾਨ ਦਾਸ, ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ ਨੇ ਕਿਹਾ ਕਿ ਡੇਂਗੂ ਬੁਖਾਰ ਏਡੀਜ਼ ਅਜੈਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਇਹ ਮੱਛਰ ਇਕ ਹਫਤੇ ਤੋਂ ਵੱਧ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਸਾਨੂੰ ਕਬਾੜ ਵਿਚ ਪਏ ਟਾਇਰ, ਟੁੱਟੇ ਘੜੇ ਅਤੇ ਗਮਲੇ ਵਿੱਚ ਪਾਣੀ ਖੜਣ ਨਹੀਂ ਦੇਣਾ ਚਾਹੀਦਾ। ਮੱਛਰਦਾਨੀਆ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤੋਂ ਕਰੋ, ਸਾਰੇ ਸਰੀਰ ਨੂੰ ਢੱਕਦੇ ਕੱਪੜੇ ਪਾਓ, ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜ੍ਹਾ ਹੋਣ ਦਿਓ, ਘਰਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ। ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਅਤੇ ਮਲੇਰੀਆ ਦੇ ਕੋਈ ਲੱਛਣ ਜਿਵੇਂ ਤੇਜ ਬੁਖਾਰ ਹੋਣਾ, ਸਿਰ ਦਰਦ, ਅੱਖਾਂ, ਜੋੜਾਂ ਅਤੇ ਸਰੀਰ ਵਿੱਚ ਦਰਦ, ਭੁੱਖ ਘੱਟ ਲੱਗਣਾ ਆਦਿ ਲੱਛਣ ਆਉਣ ਤਾਂ ਨੇੜੇ ਦੇ ਸਿਵਲ ਹਸਪਤਾਲ ਵਿਚ ਜਾ ਕੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਡੇਂਗੂ ਦਾ ਟੈਸਟ ਜਰੂਰ ਕਰਵਾਇਆ ਜਾਵੇ ਅਤੇ ਡੇਂਗੂ ਪਾਜੇਟਿਵ ਆਉਣ ਦੀ ਸੂਰਤ ਵਿੱਚ ਮਾਹਿਰ ਡਾਕਟਰ ਤੋਂ ਇਲਾਜ ਕਰਵਾਇਆ ਜਾਵੇ। ਡੇਂਗੂ ਦੇ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।ਇਸ ਸਮੇਂ ਸਿਹਤ ਵਰਕਰ ਗੁਰਸੇਵਕ ਸਿੰਘ, ਬਲਜਿੰਦਰ ਸਿੰਘ, ਹਰਦੀਪ ਸਿੰਘ ਅਤੇ ਬ੍ਰੀਡਿੰਗ ਚੈਕਰ ਹਾਜ਼ਰ ਸਨ।