29 ਦਸੰਬਰ ਦੀ ਫਾਸ਼ੀਵਾਦ ਵਿਰੋਧੀ ਕਨਵੈਨਸ਼ਨ ਚ ਇਨਕਲਾਬੀ ਕੇਂਦਰ ਪੰਜਾਬ ਵਲੋਂ ਸ਼ਾਮਲ ਹੋਣ ਦਾ ਐਲਾਨ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) : ਅੱਜ ਇਥੇ ਸਥਾਨਕ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਵਿਖੇ ਇਨਕਲਾਬੀ ਕੇਂਦਰ ਪੰਜਾਬ ਇਲਾਕਾ ਕਮੇਟੀ ਦੀ ਮੀਟਿੰਗ ਇਲਾਕਾ ਪ੍ਰਧਾਨ ਧਰਮ ਸਿੰਘ ਸੂਜਾਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਸਹਾਇਕ ਸਕੱਤਰ ਮਦਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਦੀਆਂ ਖੱਬੀਆਂ ਤੇ ਇਨਕਲਾਬੀ ਧਿਰਾਂ ਵਲੋਂ ਉਸਾਰੇ ਗਏ ਅਤੇ ਲੰਮੇ ਸਮੇਂ ਤੋਂ ਪੰਜਾਬ ਭਰ ਚ ਸੰਘਰਸ਼ ਸ਼ੀਲ 'ਫਾਸ਼ੀ ਹਮਲਿਆਂ ਵਿਰੋਧੀ ਫਰੰਟ ' ਵਲੋਂ 29 ਦਸੰਬਰ ਵੀਰਵਾਰ ਨੂੰ ਸਵੇਰੇ 11ਵਜੇ  ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਕਨਵੈਨਸ਼ਨ ਕਰਵਾਈ ਜਾ ਰਹੀ ਹੈ।ਉਨਾਂ ਦੱਸਿਆ ਕਿ ਇਸ ਕਨਵੈਨਸ਼ਨ ਚ ਜਮਹੂਰੀ ਹੱਕਾਂ ਦੀ ਰਾਖੀ, ਸਿਆਸੀ ਕੈਦੀਆਂ ਸਮੇਤ ਭੀਮਾ ਕੋਰੇਗਾਓਂ ਕੇਸ ਚ ਝੂਠੇ ਪਰਚੇ ਦਰਜ ਕਰ ਛੇ ਛੇ ਸਾਲਾਂ ਤੋਂ ਨਾਜਾਇਜ ਤੋਰ ਤੇ ਜੇਲਾਂ ਚ ਬੰਦ ਬੁਧੀਜੀਵੀਆਂ ਸਮੇਤ ਸਜਾਵਾਂ ਪੂਰੀਆਂ ਕਰ ਚੁੱਕੇ ਸਾਰੇ ਬੰਦੀਆਂ ਦੀ ਰਿਹਾਈ ਲਈ, ਪੰਜਾਬ ਨਾਲ ਲੰਮੇ ਸਮੇਂ ਤੋਂ ਹੋ ਰਹੇ ਧੱਕਿਆਂ ਖਿਲਾਫ, ਫੈਡਰਲ ਢਾਂਚੇ ਦੀ ਰਾਖੀ ਲਈ, ਪੰਜਾਬ ਦੇ ਪਾਣੀਆਂ ਦੀ ਰਾਖੀ ਲਈ,  ਭਾਜਪਾ ਦੀ ਫਾਸ਼ੀ ਹਕੂਮਤ ਵਲੋਂ ਲਿਆਂਦੇ ਜਾ ਰਹੇ ਸਾਂਝੇ ਸਿਵਲ ਕੋਡ ਖਿਲਾਫ ਅਤੇ ਕੌਮੀ ਜਾਂਚ ਏਜੰਸੀ ਐਨ ਆਈ ਏ ਨੂੰ ਦਿਤੇ ਜਾ ਰਹੇ ਵਸੀਹ ਅਧਿਕਾਰਾਂ ਵਿਰੁੱਧ, ਰਾਜਾਂ ਤੋਂ ਖੋਹੇ ਜਾ ਰਹੇ ਅਧਿਕਾਰਾਂ ਦੇ ਮੁੱਦਿਆਂ ਤੇ ਆਵਾਜ ਬੁਲੰਦ ਕਰਨ ਲਈ ਇਹ ਕਨਵੈਨਸ਼ਨ ਕੀਤੀ ਜਾ ਰਹੀ ਹੈ ਸਮੂਹਮੈਂਬਰਾਂ ਨੇ ਜਾਲੰਧਰ ਕਨਵੈਨਸ਼ਨ ਚ ਵਧ ਚੜ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ। ਮੀਟਿੰਗ ਵਿਚ ਜੀਰਾ ਵਿਖੇ ਜਮੀਨ, ਪਾਣੀ ਤੇ ਵਾਤਾਵਰਣ, ਨਸ਼ਟ ਕਰ ਰਹੀ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ  ਛੇ ਮਹੀਨਿਆਂ ਤੋਂ ਚਲ ਰਹੇ ਸੰਘਰਸ਼ ਦੇ ਸੰਘਰਸ਼ਕਾਰੀਆਂ ਤੇ ਪਰਚੇ ਦਰਜ ਕਰਕੇ ਗ੍ਰਿਫਤਾਰ ਕਰਨ ਖਿਲਾਫ, ਜਾਲੰਧਰ ਲਤੀਫਪੁਰ ਚ ਲੋਕਾਂ ਦੇ ਘਰ ਢਾਹ ਕੇ ਬੇਘਰੇ ਕਰਨ ਵਿਰੁੱਧ , ਹੰਬੜਾਂ ਚ ਰਸੂਲਪੁਰ ਪੱਤੀ ਪਿੰਡ ਵਿਖੇ ਨਗਰ ਨਿਗਮ ਲੁਧਿਆਣਾ ਵਲੋਂ ਖੋਲੇ ਜਾ ਰਹੇ ਬਦਬੂਪੂਰਨ ਤੇ ਵਾਤਾਵਰਣ ਨੂੰ ਬਰਬਾਦ ਕਰ ਰਹੇ ਬੁੱਚੜਖਾਨੇ ਦਾ ਵਿਰੋਧ ਕਰ ਰਹੇ ਸੰਘਰਸ਼ਸ਼ੀਲ ਲੋਕਾਂ ਤੇ ਪਰਚੇ ਦਰਜ ਕਰਨ ਵਿਰੁੱਧ,  ਮੀਟਿੰਗ ਚ ਮਤੇ ਪਾਸ ਕੀਤੇ ਗਏ।ਮੀਟਿੰਗ ਚ  ਲੋਕਾਂ ਦੀ ਦੋਹੇਂ ਹੱਥੀਂ ਲੁੱਟ ਕਰ ਰਹੇ ਨਾਜਾਇਜ ਟੋਲ ਪਲਾਜੇ ਬੰਦ ਕਰਨ ਦੀ ਮੰਗਂ ਕੀਤੀ ਗਈ ।ਮੀਟਿੰਗ ਵਿੱਚ ਨਵੀਂ ਮੈਂਬਰ ਸ਼ਿਪ ਕਰਦਿਆਂ ਮਾਸਟਰ ਹਰਬੰਸ ਲਾਲ, ਅਮੀਰ ਸਿੰਘ, ਸਤਪਾਲ, ਕੁਲਵੰਤ ਸਿੰਘ ਗਾਲਬ,  ਗੁਰਮੇਲ ਸਿੰਘ ਅਕਾਲਗੜ੍ਹ, ਰਾਜਪਾਲ ਭਮਾਲ ਨੂੰ ਮੈਂਬਰ ਸ਼ਿਪ ਕਾਰਡ ਜਾਰੀ ਕੀਤੇ ਗਏ।