ਗੁੰਡਾਗਰਦੀ ਨੂੰ ਕਰੜੇ ਹੱਥੀਂ ਨਜਿੱਠਣ ਦਾ ਐਲਾਨ, ਡਾ ਰਜਿੰਦਰ ਪਾਲ ਉੱਪਰ ਹਮਲਾ ਗੰਭੀਰ ਚੁਣੌਤੀ

ਬਰਨਾਲਾ 13 ਫਰਵਰੀ (ਗੁਰਸੇਵਕ ਸਿੰਘ ਸਹੋਤਾ/ਭੁਪਿੰਦਰ ਸਿੰਘ ਧਨੇਰ) : ਡਾ ਰਜਿੰਦਰ ਪਾਲ ਉੱਪਰ ਹੋਏ ਕਾਤਲਾਨਾ ਹਮਲੇ ਵਿਰੁੱਧ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਵਿੱਚ ਰੋਹ ਦੀ ਲਹਿਰ ਫੈਲ ਗਈ ਹੈ। ਸਿਵਲ ਹਸਪਤਾਲ ਪਾਰਕ ਬਰਨਾਲਾ ਵਿਖੇ ਵੱਖ ਵੱਖ ਕਿਸਾਨ- ਮਜ਼ਦੂਰ-ਮੁਲਾਜਮ ਅਤੇ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਜ਼ਰੂਰ ਸ਼ਾਮਲ ਹੋਏ ਸਾਥੀਆਂ ਵਿੱਚ ਨਰਾਇਣ ਦੱਤ, ਕਰਮਜੀਤ ਸਿੰਘ ਬੀਹਲਾ, ਸਾਹਿਬ ਸਿੰਘ ਬਡਬਰ,ਚਮਕੌਰ ਸਿੰਘ ਨੈਣੇਵਾਲ, ਖੁਸਮੰਦਰ ਪਾਲ, ਅਨਿਲ ਕੁਮਾਰ, ਰਾਜੀਵ ਕੁਮਾਰ, ਦਰਸ਼ਨ ਚੀਮਾ, ਰਮੇਸ਼ ਹਮਦਰਦ, ਸੁਖਵਿੰਦਰ ਸਿੰਘ ਠੀਕਰੀਵਾਲਾ,ਸੋਹਣ ਸਿੰਘ ਮਾਝੀ, ਕੁਲਵੰਤ ਸਿੰਘ ਠੀਕਰੀਵਾਲਾ,ਹਾਕਮ ਸਿੰਘ ਨੂਰ,ਰਾਮ ਸਿੰਘ ਠੀਕਰੀਵਾਲਾ, ਅੰਮ੍ਰਿਤ ਪਾਲ, ਚਰਨਜੀਤ ਕੌਰ, ਹਰਨੇਕ ਸਿੰਘ ਸੰਘੇੜਾ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ,ਸਤਨਾਮ ਸਿੰਘ ਦੀਵਾਨਾ, ਜਸਪਾਲ ਸਿੰਘ ਚੀਮਾ,ਡਾ ਰਜਿੰਦਰ ਪਾਲ,ਬੁੱਧ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਆਗੂ/ਵਰਕਰ ਸ਼ਾਮਿਲ ਹੋਏ। ਮੀਟਿੰਗ ਦੌਰਾਨ ਆਗੂਆਂ ਨੇ ਗੁੰਡਾਗਰਦੀ ਦੇ ਇਸ ਵਰਤਾਰੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਫੈਸਲਾ ਕੀਤਾ ਕਿ ਇਹ ਹਮਲਾ ਡਾ ਰਜਿੰਦਰ ਪਾਲ ਉੱਪਰ ਹੀ ਨਹੀਂ ਸਗੋਂ ਲੋਕਾਂ ਦੀ ਅਗਵਾਈ ਕਰਨ ਵਾਲੇ ਵਿਚਾਰ ਉੱਪਰ ਹਮਲਾ ਹੈ। ਇਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਫੈਸਲਾ ਕੀਤਾ ਕਿ ਸੇਖਾ ਰੋਡ ਮੁਹੱਲੇ ਜਿੱਥੇ ਇਹ ਘਟਨਾ ਵਾਪਰੀ ਉੱਥੇ 14 ਫਰਬਰੀ ਸ਼ਾਮ ਨੂੰ ਵੱਡੀ ਮੀਟਿੰਗ ਕਰਕੇ ਦਹਿਸ਼ਤ ਪਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਜਾਵੇਗਾ। 15 ਫਰਬਰੀ ਨੂੰ ਸ਼ਾਮ 3 ਵਜੇ ਸਾਰੀਆਂ ਇਨਕਲਾਬੀ, ਜਮਹੂਰੀ, ਜਨਤਕ ਜਥੇਬੰਦੀਆਂ ਦੀ ਅਗਵਾਈ ਵਿੱਚ ਵੱਡਾ ਵਫ਼ਦ ਐਸਐਸਪੀ ਨੂੰ ਮਿਲੇਗਾ ਅਤੇ ਡਾ ਰਜਿੰਦਰ ਪਾਲ ਦੇ ਹਮਲਾਵਰਾਂ ਖਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰਨ, ਡਾ ਰਜਿੰਦਰ ਪਾਲ ਅਤੇ ਮੁਹੱਲਾ ਵਾਸੀਆਂ ਖਿਲਾਫ਼ ਦਰਜ ਕੀਤਾ ਨਜਾਇਜ਼ ਪੁਲਿਸ ਕੇਸ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਯਾਦ ਰਹੇ ਕਿ ਸੇਖਾ ਰੋਡ ਨਜਾਇਜ਼ ਗੁਦਾਮਾਂ ਦੀ ਉਸਾਰੀ ਰੋਕਣ ਲਈ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। ਇਸ ਸੰਘਰਸ਼ ਦੀ ਅਗਵਾਈ ਇਨਕਲਾਬੀ ਕੇਂਦਰ, ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ ਰਜਿੰਦਰ ਪਾਲ ਕਰ ਰਹੇ ਹਨ। 10 ਫਰਬਰੀ ਨੂੰ ਡਾ ਰਜਿੰਦਰ ਪਾਲ ਆਪਣੇ ਘਰ ਤੋਂ ਸ਼ਹਿਰ ਵੱਲ ਆ ਰਿਹਾ ਸੀ ਤਾਂ ਸੇਖਾ ਰੋਡ 11 ਨੰਬਰ ਗਲੀ ਸਾਹਮਣੇ ਵੱਡੀ ਗਿਣਤੀ ਵਿੱਚ ਮਾਰੂ ਹਥਿਆਰਾਂ ਨਾਲ ਲੈੱਸ ਸਮਾਜ ਵਿਰੋਧੀ ਅਨਸਰਾਂ ਨੇ ਉਸ ਨੂੰ ਘੇਰ ਜਾਨਲੇਵਾ ਹਮਲਾ ਕਰ ਦਿੱਤਾ। ਮੁਹੱਲਾ ਵਾਸੀਆਂ ਦੇ ਇੱਕ ਦਮ ਹਰਕਤ ਵਿੱਚ ਆਉਣ ਨਾਲ ਡਾ  ਰਜਿੰਦਰ ਪਾਲ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਪੂਰੀ ਸਾਜ਼ਿਸ਼ ਅਤੇ ਸੋਚੀ ਸਮਝੀ ਸਕੀਮ ਤਹਿਤ ਕੀਤਾ ਹੈ। ਇੱਕ ਦਿਨ ਪਹਿਲਾਂ ਧਮਕੀ ਦਿੱਤੀ, ਥਾਣੇ ਵਿੱਚ ਜਾਤੀ ਸੂਚਕ ਸ਼ਬਦ ਬੋਲਣ ਦੀ ਝੂਠੀ ਸ਼ਿਕਾਇਤ ਦਿੱਤੀ ਅਤੇ ਫਿਰ ਜਾਨਲੇਵਾ ਹਮਲਾ ਕੀਤਾ। 11 ਫਰਬਰੀ ਨੂੰ ਫੌਰੀ ਤੌਰ ਤੇ ਦੋਸ਼ੀਆਂ ਅਤੇ ਉਨ੍ਹਾਂ ਦੇ ਮੱਦਦਗਾਰਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰਨ ਲਈ ਸਿਵਲ ਹਸਪਤਾਲ ਪਾਰਕ ਵਿੱਚ ਰੈਲੀ ਕਰਨ ਤੋਂ ਬਾਅਦ ਡੀਐਸਪੀ ਦਫ਼ਤਰ ਅੱਗੇ ਸੰਕੇਤਕ ਧਰਨਾ ਦਿੱਤਾ ਜਾ ਚੁੱਕਾ ਹੈ। ਪੁਲਿਸ ਨੇ ਮਾਮੂਲੀ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਬੁੱਤਾ ਸਾਰ ਦਿੱਤਾ ਹੈ। ਉਲਟਾ ਡਾ ਰਜਿੰਦਰ ਪਾਲ ਅਤੇ ਦੋ ਮੁਹੱਲਾ ਵਾਸੀਆਂ ਖਿਲਾਫ਼ ਕਰਾਸ ਕੇਸ ਦਰਜ ਕਰ ਦਿੱਤਾ ਹੈ। ਇਸ ਸਾਰੇ ਮਾਮਲੇ ਨੂੰ ਵਿਚਾਰਨ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਵਾਉਣ ਲਈ ਅਗਲੇ ਐਕਸ਼ਨ ਦਾ ਐਲਾਨ ਇਨਕਲਾਬੀ, ਇਨਸਾਫਪਸੰਦ, ਜਨਤਕ,ਜਮਹੂਰੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਐਸ ਐਸ ਪੀ ਨੂੰ ਮਿਲਣ ਤੋਂ ਬਾਅਦ ਮੌਕੇ ਤੇ ਹੀ ਕੀਤਾ ਜਾਵੇਗਾ।