ਪਸ਼ੂ ਪਾਲਨ ਵਿਭਾਗ ਵੱਲੋਂ ਪਸ਼ੂਆਂ ਨੂੰ ਪੇਟ ਕੇ ਕੀੜਿਆਂ ਦੀ ਦਵਾਈ ਮੁਫਤ ਦੇਣ ਦੀ ਮੁਹਿੰਮ ਸ਼ੁਰੂ

ਅਬੋਹਰ 7 ਫਰਵਰੀ : ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਦੀ ਦਵਾਈ ਮੁਫਤ ਦੇਣ ਦੀ ਮੁਹਿਮ ਸ਼ੁਰੂ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਮੰਤਰੀ ਸ ਗੁਰਮੀਤ ਸਿੰਘ ਖੁਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਲੜੀ ਤਹਿਤ ਗਊਸ਼ਾਲਾ ਮੈਨੇਜਿੰਗ ਕਮੇਟੀ ਅਬੋਹਰ ਵਿਖੇ ਕੈਂਪ ਲਗਾਇਆ ਗਿਆ ਜਿਸ ਵਿੱਚ ਸ਼੍ਰੀ ਅਰੁਣ ਨਾਰੰਗ ਸਾਬਕਾ ਵਿਧਾਇਕ ਅਬੋਹਰ ਮੁੱਖ ਮਹਿਮਾਨ ਵਜੋਂ ਪਹੁੰਚੇ। ਉਹਨਾਂ ਨੇ ਇਕੱਤਰ ਪਸ਼ੂ ਪਾਲਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਇਹ ਦਵਾਈ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ਅਤੇ ਇਸ ਦੀ ਕੋਈ ਪਰਚੀ ਫੀਸ ਨਹੀਂ ਹੈ। ਉਨਾਂ ਨੇ ਪਸ਼ੂ ਪਾਲਕਾਂ ਨੂੰ ਇਸ ਸਹੂਲਤ ਦਾ ਪੂਰਾ ਲਾਹਾ ਲੈਣ ਦੀ ਅਪੀਲ ਕੀਤੀ।  ਇਸ ਮੌਕੇ ਡਾ ਮਨਦੀਪ ਸਿੰਘ ਸੀਨੀਅਰ ਵੈਟਰਨਰੀ ਅਫਸਰ ਅਬੋਹਰ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਪਸ਼ੂਆਂ ਨੂੰ ਪੇਟ ਤੇ ਕੀੜਿਆਂ ਤੋਂ ਮੁਕਤ ਕਰਕੇ ਉਨਾਂ ਦੀ ਸਿਹਤ ਵਿੱਚ ਸੁਧਾਰ ਕਰਨਾ ਹੈ, ਤਾਂ ਕਿ ਉਹਨਾਂ ਤੋਂ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ। ਉਨਾਂ ਦੱਸਿਆ ਕਿ ਇਹ ਦਵਾਈ ਹਰ ਉਮਰ ਦੇ ਗੋਕੇ ਅਤੇ ਮਹਰੂ ਪਸ਼ੂਆਂ ਨੂੰ ਦਿੱਤੀ ਜਾਵੇਗੀ। ਉਨਾਂ ਨੇ ਤਹਿਸੀਲ ਦੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਤਹਿਸੀਲ ਦਾ ਕੋਈ ਵੀ ਪਸ਼ੂ ਇਸ ਦਵਾਈ ਤੋਂ ਵਾਂਝਾ ਨਾ ਰਹੇ ।  ਅਮਿਤ ਨੈਨ ਵੈਟਰਨਰੀ ਅਫਸਰ ਅਬੋਹਰ ਨੇ ਆਏ ਹੋਏ ਮਹਿਮਾਨਾਂ ਅਤੇ ਪਸ਼ੂ ਪਾਲਕਾਂ ਦਾ ਧੰਨਵਾਦ ਕੀਤਾ । ਇਸ ਮੌਕੇ ਸ੍ਰੀ ਧਨਪਤ ਸਿਆਗ, ਸ਼੍ਰੀ ਫਕੀਰ ਚੰਦ ਗੋਇਲ ਰਜਿੰਦਰ ਬਾਘਲਾ, ਕਮਲ ਮਿੱਤਲ, ਪ੍ਰਿਥੀ ਚੰਦ ਗਰਗ, ਵੀਨਮ ਚਲਾਣਾ ਵੈਟਰਨਰੀ ਇੰਸਪੈਕਟਰ ਅਤੇ ਵੱਡੀ ਗਿਣਤੀ ਵਿੱਚ ਡੇਹਰੀ ਫਾਰਮਰ ਹਾਜ਼ਰ ਸਨ।