26 ਮਾਰਕੀਟ ਕਮੇਟੀਆਂ ਦਾ ਖਾਤਮਾ ਕਰਨ ਅਤੇ 11 ਨਿੱਜੀ ਸਾਈਲੋਜ਼ ਨੂੰ ਮਨਜ਼ੂਰੀ ਦੇਣ ਵਿਰੁੱਧ ਚੌਂਕੀਮਾਨ ਟੋਲ ਤੇ ਕੀਤੀ ਰੋਹ ਭਰਪੂਰ ਰੈਲੀ 

ਮੁੱਲਾਂਪੁਰ ਦਾਖਾ 03 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : 200 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫੋਰਮ ਦੇ ਸੱਦੇ 'ਤੇ ਦਸਮੇਸ਼ ਕਿਸਾਨ -ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ  ਲੁਧਿਆਣਾ ਵੱਲੋਂ ਜ਼ਿਲ੍ਹਾ  ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨ- ਮਜ਼ਦੂਰ ਵੀਰਾਂ ਨੇ, ਕੇਂਦਰ ਦੀ ਜ਼ਾਲਮ ਮੋਦੀ ਹਕੂਮਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੀ ਕਿਸਾਨ ਵਿਰੋਧੀ ਭਗਵੰਤ ਮਾਨ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਨੰ:- ਵਿਕਾਸ -1 -009299-9327 ਮਿਤੀ :15-3-24 ਅਨੁਸਾਰ 26 ਮਾਰਚ ਕਮੇਟੀਆਂ ਦਾ ਖਾਤਮਾ ਕਰਕੇ ਇਹਨਾਂ ਦੇ ਸਟਾਫ ਨੂੰ ਦੂਜੇ ਮਹਿਕਮਿਆਂ ਵਿੱਚ ਮਰਜ ਕਰਨ,  ਨਿੱਜੀ ਕਾਰਪੋਰੇਟਾਂ ਦੇ 9 ਜ਼ਿਲ੍ਹਿਆਂ  ਦੇ 11 ਸਾਈਲੋਜ ਨੂੰ ਖਰੀਦ, ਵੇਚ ,ਸਟੋਰੇਜ ਤੇ ਪ੍ਰੋਸੈਸਿੰਗ ਦੇ ਪੂਰੇ ਅਧਿਕਾਰ ਦੇਣ ਵਿਰੁੱਧ ਚੌਂਕੀਮਾਨ ਟੋਲ ਪਲਾਜਾ ਵਿਖੇ ਕੌਮੀ ਮਾਰਗ ਨੰ: 5 (ਲੁਧਿਆਣਾ- ਫਿਰੋਜ਼ਪੁਰ ਜੀ.ਟੀ.  ਰੋਡ) ਉੱਪਰ ਗੁੱਸੇ ਤੇ ਰੋਹ ਨਾਲ ਭਰਪੂਰ ਰੈਲੀ ਜੱਥੇਬੰਦ ਕੀਤੀ ਗਈ। ਅੱਜ ਦੀ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਜ਼ਿਲ੍ਹਾ  ਸਕੱਤਰ ਜਸਦੇਵ ਸਿੰਘ ਲਲਤੋਂ, ਖਜਾਨਚੀ ਅਮਰੀਕ ਸਿੰਘ ਤਲਵੰਡੀ ,ਗੁਰਸੇਵਕ ਸਿੰਘ ਸਵੱਦੀ, ਜੱਥੇਦਾਰ ਗੁਰਮੇਲ ਸਿੰਘ ਢੱਟ, ਅਵਤਾਰ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਵਰਨਣ  ਕੀਤਾ ਕਿ ਕੇਂਦਰੀ ਦਿਸ਼ਾ- ਨਿਰਦੇਸ਼ਾਂ ਅਤੇ ਸੂਬਾਈ ਹਕੂਮਤ ਹੁਕਮਾਂ ਅਧੀਨ(19-11-21 ਨੂੰ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਹੋਣ ਦੇ ਬਾਵਜੂਦ )-15/3/24 ਨੂੰ ਮੁੜ ਉਹਨਾਂ ਦੇ ਤੱਤ ਨੂੰ ਗੈਰ ਕਾਨੂੰਨੀ ਤੇ ਗੈਰ ਵਿਧਾਨਕ ਤੌਰ ਤੇ ਲਾਗੂ ਕਰਕੇ ਨਿੱਜੀ ਕਾਰਪੋਰੇਟਾਂ ਨੂੰ ਖੇਤੀ ਪੈਦਾਵਾਰ 'ਤੇ ਕਬਜ਼ੇ ਦੀਆਂ ਖੁੱਲਾਂ ਦੇ ਕੇ ਕਿਸਾਨਾਂ ਸਮੇਤ ਸਮੂਹ ਖਪਤਕਾਰਾਂ ਦੀ ਅੰਨ੍ਹੀ  ਲੁੱਟ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਜਿਸ ਨੂੰ ਪੰਜਾਬ ਦੀ ਕਿਸਾਨ ਲਹਿਰ ਕਦਾਚਿਤ ਵੀ ਬਰਦਾਸ਼ਤ ਨਹੀਂ ਕਰੇਗੀ। ਆਗੂਆਂ ਨੇ ਫੌਰੀ ਤੌਰ ਤੇ ਕਾਲਾ ਪੱਤਰ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਹੈ। ਅੰਤ 'ਚ ਆਗੂਆਂ ਨੇ ਐਲਾਨ ਕੀਤਾ ਕਿ 7 ਤਰੀਕ ਦਿਨ ਐਤਵਾਰ ਨੂੰ ਠੀਕ 10 ਵਜੇ ਚੌਂਕੀਮਾਨ ਟੋਲ ਪਲਾਜ਼ਾ ਵਿਖੇ 26 ਮਾਰਕੀਟ ਕਮੇਟੀਆਂ ਦੇ ਖਾਤਮੇ ਵਿਰੁੱਧ ਅਤੇ ਇਸਦੇ ਨਾਲ ਹੀ 30 ਤੋਂ ਉੱਪਰ ਮੰਡੀਆਂ ਦੇ ਖਾਤਮੇ ਵਿਰੁੱਧ ਅਤੇ 11 ਨਿੱਜੀ ਕਾਰਪੋਰੇਟੀ ਸਾਈਲੋਜ ਨੂੰ ਦਿੱਤੀ ਮਨਜ਼ੂਰੀ ਵਿਰੁੱਧ, ਵਿਸ਼ਾਲ ਰੈਲੀ ਤੇ ਮੁਜਾਹਰਾ ਕੀਤਾ ਜਾਵੇਗਾ। ਜਿਸ ਵਿੱਚ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਵੀ ਸ਼ਾਮਿਲ ਹੋਣਗੀਆਂ। ਅੱਜ ਦੀ ਰੈਲੀ 'ਚ ਹੋਰਨਾਂ  ਤੋਂ ਇਲਾਵਾ ਜਸਵੰਤ ਸਿੰਘ ਮਾਨ, ਹਰੀ ਸਿੰਘ ਚਚਰਾੜੀ, ਮਨਜੀਤ ਸਿੰਘ ਸਿੱਧਵਾਂ, ਲਛਮਣ ਸਿੰਘ ਸਿੱਧਵਾਂ, ਬਿੱਲੂ ਤਲਵੰਡੀ, ਸੁਰਜੀਤ ਸ. ਸਵੱਦੀ, ਤਜਿੰਦਰ ਸ. ਵਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਅਮਰਜੀਤ ਸਿੰਘ ਗੁੜੇ, ਬਲਬੀਰ ਸ. ਪੰਡੋਰੀ, ਨਰਭਿੰਦਰ ਸ.ਸਵੱਦੀ, ਗੁਰਦੀਪ ਸ. ਸਵੱਦੀ ਉਚੇਚੇ ਤੌਰ ਤੇ ਹਾਜ਼ਰ ਸਨ।