ਪਿੰਡ ਮਹੇਸ਼ ਪੂਰਾ ਤੇ ਰਾਣਵਾਂ ਦੇ ਆਂਗਣਵਾੜੀ ਸੈਂਟਰਾਂ ਨੂੰ ਮਾਡਲ ਆਂਗਨਵਾੜੀ ਸੈਂਟਰ ਬਣਾਇਆ ਜਾਵੇਗਾ- ਐਸ ਡੀ ਐਮ

  • ਐਸ ਡੀ ਐਮ ਖਮਾਣੋਂ ਡਾ: ਸੰਜੀਵ ਨੇ ਆਂਗਨਵਾੜੀ ਕੇਂਦਰਾਂ ਤੇ ਸਕੂਲਾਂ ਦਾ ਕੀਤਾ ਦੌਰਾ

ਖਮਾਣੋਂ, 05 ਜੁਲਾਈ : ਪਿੰਡ ਮਹੇਸ਼ਪੁਰਾ ਤੇ ਰਾਣਵਾਂ ਦੇ ਆਂਗਣਵਾੜੀ ਸੈਂਟਰਾਂ ਨੂੰ ਮਾਡਲ ਆਂਗਨਵਾੜੀ ਸੈਂਟਰ ਬਣਾਇਆ ਜਾਵੇਗਾ ਜਿਥੇ ਕਿ ਬੱਚਿਆਂ ਦੇ ਬੈਠਣ ਲਈ ਮੇਜ ਕੁਰਸੀਆਂ ਰੱਖਣ ਦੇ ਨਾਲ ਨਾਲ ਸ਼ਾਨਦਾਰ ਝੂਲੇ ਵੀ ਹੋਣਗੇ। ਇਹ ਜਾਣਕਾਰੀ ਐਸ.ਡੀ.ਐਮ ਖਮਾਣੋਂ ਡਾਕਟਰ ਸੰਜੀਵ ਕੁਮਾਰ ਨੇ ਪਿੰਡ ਮਹੇਸ਼ਪੁਰਾ, ਰਾਣਵਾਂ ਤੇ ਖੰਟ ਦੇ ਆਂਗਣਵਾੜੀ ਸੈਂਟਰਾਂ ਦੀ ਚੈਕਿੰਗ ਦੌਰਾਨ ਦਿੱਤੀ। ਉਨ੍ਹਾਂ ਆਂਗਣਵਾੜੀ ਸੁਪਰਵਾਈਜ਼ਰਾਂ, ਆਂਗਣਵਾੜੀ ਵਰਕਰਾਂ ਨੂੰ ਹਦਾਇਤ ਕੀਤੀ ਕਿ ਪੋਸ਼ਣ ਅਭਿਆਨ ਤਹਿਤ ਬੱਚਿਆਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਦੇਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਆਂਗਣਵਾੜੀ ਵਰਕਰਾਂ ਨੂੰ ਕਿਹਾ ਕਿ ਬੱਚਿਆਂ ਦੇ ਖਾਣ ਲਈ ਆਂਉਦੇ ਰਾਸ਼ਨ ਦੀ ਸਹੀ ਢੰਗ ਨਾਲ ਵੰਡ ਯਕੀਨੀ ਬਣਾਈ ਜਾਵੇ। ਪਿੰਡ ਰਾਣਵਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚੈਕਿੰਗ ਦੌਰਾਨ ਐਸ ਡੀ ਐਮ ਨੇ ਮਿਡ ਡੇ ਮੀਲ ਤਹਿਤ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਣ ਲਈ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਤਹਿਤ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਖਮਾਣੋਂ ਅਧੀਨ ਪੈਂਦੇ ਦਫ਼ਤਰਾਂ ਵਿੱਚ ਸਮੇਂ ਦੀ ਪਾਬੰਦੀ ਅਤੇ ਕਾਰਜ ਪ੍ਰਣਾਲੀ ਨੂੰ ਬੇਹਤਰ ਬਣਾਉਣ ਲਈ ਅਜਿਹੀਆਂ ਚੈਕਿੰਗਾਂ ਨਿਰੰਤਰ ਜਾਰੀ ਰੱਖੀਆਂ ਜਾਣਗੀਆਂ।
ਇਸ ਮੌਕੇ ਸੀਡੀਪੀਓ ਖਮਾਣੋਂ ਊਸ਼ਾ ਰਾਣੀ ਅਤੇ ਸੁਪਰਵਾਈਜ਼ਰ ਬਲਜੀਤ ਕੌਰ ਮੌਜੂਦ ਸਨ।