ਸਿੱਖ ਵਿਰਾਸਤ ਦੀ ਪੁਰਾਤਨ ਗੱਤਕਾ ਕਲਾ ਕੌਮਾਂਤਰੀ ਖੇਡ ਬਣਨ ਲਈ ਤੱਤਪਰ ਹੈ : ਸਪੀਕਰ ਸੰਧਵਾਂ

ਕੋਟਕਪੂਰਾ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਸਹਿਯੋਗ ਨਾਲ ਜਿਲਾ ਗੱਤਕਾ ਐਸੋਸੀਏਸ਼ਨ ਆਫ ਫਰੀਦਕੋਟ ਵੱਲੋਂ ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਵਿਖੇ ਕਰਵਾਈ ਜਾ ਰਹੀ ਦਸਵੀਂ ਦੋ ਰੋਜਾ ਪੰਜਾਬ ਰਾਜ ਗੱਤਕਾ (ਮਹਿਲਾ) ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਵਾਉਂਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਅੱਜ ਸਿੱਖ ਵਿਰਾਸਤ ਦੀ ਪੁਰਾਤਨ ਗੱਤਕਾ ਕਲਾ ਕੌਮਾਂਤਰੀ ਖੇਡ ਬਣਨ ਲਈ ਤੱਤਪਰ ਹੈ ਜਿਸ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਵੱਡੇ ਉਪਰਾਲੇ ਜਾਰੀ ਹਨ। ਸਪੀਕਰ ਸੰਧਵਾਂ ਨੇ ਗੁਰਇਤਿਹਾਸ, ਭਾਰਤੀ ਸੱਭਿਆਚਾਰ, ਸਿੱਖ ਵਿਰਾਸਤ, ਰਵਾਇਤੀ ਕਲਾ, ਸਿੱਖ ਸ਼ਸ਼ਤਰ ਵਿਦਿਆ ਵਰਗੀਆਂ ਅਨੇਕਾਂ ਉਦਾਹਰਨ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਸਵੈ ਰੱਖਿਆ ਲਈ ਇਸ ਵਿਰਾਸਤੀ ਖੇਡ ਨੂੰ ਅਪਨਾਉਣਾ ਚਾਹੀਦਾ ਹੈ। ਉਹਨਾਂ ਗੱਤਕਾ ਐਸੋਸੀਏਸ਼ਨਾਂ ਦੇ ਕੌਮੀ ਅਤੇ ਸੂਬਾਈ ਅਹੁਦੇਦਾਰਾਂ ਕ੍ਰਮਵਾਰ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਪੰਕਜ ਧਮੀਜਾ, ਹਰਬੀਰ ਸਿੰਘ ਦੁੱਗਲ, ਸਿਮਰਨਜੀਤ ਸਿੰਘ ਚੰਡੀਗੜ੍ਹ, ਕਮਲਪਾਲ ਸਿੰਘ ਫਿਰੋਜਪੁਰ ਅਤੇ ਤਲਵਿੰਦਰ ਸਿੰਘ ਦੀ ਹਾਜਰੀ ਵਿੱਚ ਗੁਰਦਾਸਪੁਰ ਤੇ ਬਠਿੰਡਾ ਦੀਆਂ ਲੜਕੀਆਂ ਦੀਆਂ ਟੀਮਾਂ ਦੇ ਮੁਕਾਬਲੇ ਵੀ ਸ਼ੁਰੂ ਕਰਵਾਏ ਜਿਸ ਵਿੱਚੋਂ ਬਠਿੰਡਾ ਦੀ ਟੀਮ ਜੇਤੂ ਰਹੀ। ਉਨਾਂ ਕਿਹਾ ਕਿ ਇਹ ਟੂਰਨਾਮੈਂਟ ਕਰਾਉਣ ਲਈ ਜਿਲਾ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਸਮੇਤ ਸਮੁੱਚੀ ਜਿਲਾ ਗੱਤਕਾ ਐਸੋਸੀਏਸ਼ਨ ਟੀਮ ਵਧਾਈ ਦੀ ਹੱਕਦਾਰ ਹੈ ਤੇ ਉਹਨਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਜਿਲਾ ਐਸੋਸੀਏਸ਼ਨ ਨੂੰ ਇੱਕ ਲੱਖ ਰੁਪਏ ਅਖਤਿਆਰੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਸਪੀਕਰ ਸੰਧਵਾਂ ਨੇ ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਪ੍ਰਕਾਸ਼ਿਤ ਗੱਤਕਾ ਪੱਤਰਿਕਾ (ਬਰੋਸ਼ਰ) ਨੂੰ ਵੀ ਰਿਲੀਜ ਕੀਤਾ। ਇਸ ਮੌਕੇ ਜ਼ਿਲਾ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਸਪੀਕਰ ਸੰਧਵਾਂ ਸਮੇਤ ਸਾਰੇ ਮਹਿਮਾਨਾ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਪੰਜਾਬ ਭਰ ਦੇ 16 ਜਿਲਿਆਂ ਵਿੱਚੋਂ 400 ਦੇ ਲਗਭਗ ਲੜਕੀਆਂ ਇਸ ਦੋ ਰੋਜਾ ਟੂਰਨਾਮੈਂਟ ਦੌਰਾਨ ਵੱਖ ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਵਿੱਚ ਭਾਗ ਲੈ ਰਹੀਆਂ ਹਨ। ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਇਸ ਸੂਬਾਈ ਚੈਂਪੀਅਨਸ਼ਿਪ ਦੌਰਾਨ ਡਾ. ਪ੍ਰੀਤਮ ਸਿੰਘ ਛੌਕਰ, ਹਰਪ੍ਰੀਤ ਸਿੰਘ ਢਿੱਲੋਂ, ਬਲਜੀਤ ਸਿੰਘ ਖੀਵਾ, ਪੱਪੂ ਲਹੌਰੀਆ, ਗੁਰਪ੍ਰੀਤ ਸਿੰਘ ਕਾਕਾ, ਯੂਨਾਈਟਡ ਸ਼ੋਸ਼ਲ ਆਰਗੇਨਾਈਜੇਸ਼ਨ ਅਤੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਸਮੇਤ ਹੋਰ ਵੀ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦਾ ਭਰਪੂਰ ਸਹਿਯੋਗ ਰਿਹਾ। ਰੈਫਰੀ ਅਤੇ ਕੁਮੈਂਟਰੀ ਵਿੱਚ ਕ੍ਰਮਵਾਰ ਨਰਿੰਦਰਪਾਲ ਸਿੰਘ ਪਾਰਸ, ਯੋਗਰਾਜ ਸਿੰਘ, ਹਰਦੇਵ ਸਿੰਘ, ਕਰਮਜੀਤ ਸਿੰਘ, ਸੁਖਦੀਪ ਸਿੰਘ, ਹਰਦੀਪ ਸਿੰਘ ਅਤੇ ਗੁਰਦੇਵ ਸਿੰਘ ਸ਼ੰਟੀ ਨੇ ਵਧੀਆ ਸੇਵਾਵਾਂ ਨਿਭਾਈਆਂ।