ਅਮਰੀਕਾ ਵੱਸਦੇ ਪੰਜਾਬੀ ਕਵੀ ਕੁਲਵੰਤ ਸਿੰਘ ਸੇਖੋਂ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ

ਲੁਧਿਆਣਾ, 11 ਮਾਰਚ (ਰਘਵੀਰ ਸਿੰਘ ਜੱਗਾ) : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸਟਾਕਟਨ(ਅਮਰੀਕਾ) ਵੱਸਦੇ ਨੌਜਵਾਨ ਪੰਜਾਬੀ ਕਵੀ ਕੁਲਵੰਤ ਸਿੰਘ ਸੇਖੋਂ ਨੂੰ ਦੋਸ਼ਾਲਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੀਆਂ ਕੁਝ ਪ੍ਰਕਾਸ਼ਨਾਵਾਂ ਭੇਂਟ ਕਰਕੇ ਪ੍ਰੋਃ ਗੁਰਭਜਨ ਸਿੰਘ ਗਿੱਲ, ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਸੁਰੀਲੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਸਨਮਾਨਿਤ ਕੀਤਾ। ਕੁਲਵੰਤ ਸਿੰਘ ਸੇਖੋਂ ਦੇ ਜੀਵਨ ਤੇ ਸਾਹਿੱਤ ਸੇਵਾ ਬਾਰੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਰੀਕਾ ਪਰਵਾਸ ਕਰਨ ਤੋਂ ਪਹਿਲਾਂ  ਵੀ ਉਹ ਜਲੰਧਰ ਦੀਆਂ ਸਾਹਿੱਤਕ ਸਰਗਰਮੀਆਂ ਵਿੱਚ ਸ਼ਾਮਿਲ ਹੁੰਦੇ ਸਨ। ਉਨ੍ਹਾਂ ਦਾ ਜੱਦੀ ਪਿੰਡ ਭਾਵੇ ਜਮਸ਼ੇਰ ਖ਼ਾਸ(ਜਲੰਧਰ) ਹੈ ਪਰ 1990-91  ਵਿੱਚ ਉਨ੍ਹਾਂ ਨੇ ਹਰਵਿੰਦਰ ਰਿਆੜ ਤੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਸਾਹਿੱਤ ਸਭਾ ਜੰਡਿਆਲਾ ਦੀਆਂ ਸਾਹਿੱਤਕ ਗਤੀਵਿਧੀਆਂ ਰਾਹੀਂ ਆਪਣੀ ਪਛਾਣ ਬਣਾਈ।  ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਭ ਪਰਵਾਸੀ ਲੇਖਕ ਮੇਰੀ ਨਜ਼ਰ ਵਿੱਚ ਆਪਣੀ ਜਨਮ ਭੂਮੀ ਦੇ ਰਾਜਦੂਤ ਹਨ ਜੋ ਸਿਰਫ਼ ਆਪਣੇ ਪਰਿਵਾਰ ਦੀ ਪਰਵਰਿਸ਼ ਲਈ ਹੀ ਬਦੇਸ਼ ਚ ਨਹੀਂ ਰਹਿੰਦੇ ਸਗੋਂ ਮਾਂ ਬੋਲੀ ਦੇ ਪਸਾਰ ਪਰਸਾਰ ਤੇ ਸੰਚਾਰ ਵਿੱਚ ਵਡਮੁੱਲਾ ਹਿੱਸਾ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਸੇਖੋਂ ਨਾਲ ਮੇਰੀ ਸਾਂਝ ਉਸ ਦੀਆਂ ਲਿਖਤਾਂ ਰਾਹੀਂ ਬਹੁਤ ਪਹਿਲਾਂ ਪੈ ਗਈ ਸੀ ਪਰ ਮੁਲਾਕਾਤ 2006 ਵਿੱਚ ਪਹਿਲੀ ਵਾਰ ਫਰਿਜ਼ਨੋ ਵਿੱਚ ਹਰਜਿੰਦਰ ਕੰਗ ਜੀ ਨੇ ਕਰਵਾਈ। ਸੇਖੋਂ ਭਾਵੇਂ ਹੁਣ ਕਈ ਸਾਲਾਂ ਤੋਂ ਸਟਾਕਟਨ ਵੱਸਦਾ ਹੈ ਪਰ ਉਸ ਦੀ ਸ਼ਾਇਰੀ ਪੂਰੇ ਵਿਸ਼ਵ ਵਿੱਚ ਪੜ੍ਹੀ ਤੇ ਸਲਾਹੀ ਜਾਂਦੀ ਹੈ। ਕੁਲਵੰਤ ਸਿੰਘ ਸੇਖੋਂ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ  ਆਦਰ ਦੇਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਤੁਹਾਡੀ ਆਸ ਉਮੀਦ ਤੇ ਪੂਰਾ ਉੱਤਰਨ ਦਾ ਯਤਨ ਕਰਾਂਗਾ। ਸੇਖੋਂ ਨੇ ਦੱਸਿਆ ਕਿ ਉਸ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਦਾ ਸੰਗ੍ਰਹਿ ਵੀ ਨੇੜ ਭਵਿੱਖ ਵਿੱਚ ਛਪ ਰਿਹਾ ਹੈ। ਬਦੇਸ਼ਾਂ ਵਿੱਚ ਕਿਰਤ ਕਰਦਿਆਂ ਸਾਹਿੱਤ ਸਿਰਜਣਾ ਨੂੰ ਨਾਲ ਤੋਰਨਾ ਭਾਵੇਂ ਆਸਾਨ ਕੰਮ ਨਹੀਂ ਪਰ ਇਸ ਨੂੰ ਲਗਾਤਾਰ ਕਰਦੇ ਰਹਿਣਗੇ ਕਿਉਂਕਿ ਇਹ ਕਾਰਜ ਉਨ੍ਹਾਂ ਲਈ ਮਿਸ਼ਨ ਵਾਂਗ ਪਵਿੱਤਰ ਹੈ।  ਕੁਲਵੰਤ ਸਿੰਘ ਸੇਖੋਂ ਨੇ ਇਸ ਮੌਕੇ ਆਪਣੀਆਂ ਕੁਝ ਰਚਨਾਵਾਂ ਵੀ ਸੁਣਾਈਆਂ।