ਲਾਇਬ੍ਰੇਰੀ ਨੂੰ ਪੁਸਤਕਾਂ ਸਮਰਪਿਤ ਕਰਕੇ ਮਨਾਈ ਅੰਬੇਦਕਰ ਜਯੰਤੀ 

ਕਰਮਸਰ, 17 ਅਪ੍ਰੈਲ (ਬੇਅੰਤ ਰੋੜੀਆਂ) : ਸਥਾਨਕ ਸਰਕਾਰੀ ਕਾਲਜ ਵਿਖੇ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਹਰਮੇਸ਼ ਲਾਲ ਜੀ ਦੀ ਯੋਗ ਅਗਵਾਈ ਵਿੱਚ ਪ੍ਰੋ. ਗੁਰਦਿੱਤ ਸਿੰਘ ਅਤੇ ਪ੍ਰੋ. ਇੰਦਰਪਾਲ ਸਿੰਘ ਦੇ ਸਾਂਝੇ ਯਤਨਾਂ ਨਾਲ ਡਾ, ਸਾਹਿਬ ਬਾਬਾ ਭੀਮ ਰਾਓ ਅੰਬੇਦਕਰ ਜੀ ਦੇ 132ਵੇਂ ਜਨਮਦਿਨ ਨੂੰ ਸਮਰਪਿਤ ਜਯੰਤੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ.ਜਸਵੰਤ ਸਿੰਘ ਜੀ ਨੇ ਕੀਤੀ ਅਤੇ ਪ੍ਰੋ. ਨਿਰਮਲ ਸਿੰਘ ਖੜਗ ਅਤੇ ਪ੍ਰੋ. ਪ੍ਰਕਾਸ਼ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰ. ਜਸਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਡਾ. ਅੰਬੇਦਕਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਮੰਜ਼ਿਲਾਂ ਦੀ ਪ੍ਰਾਪਤੀ ਕਰਨ ਦਾ ਸੁਨੇਹਾ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਡਾ. ਸਾਹਿਬ ਇੱਕ ਸੰਸਥਾ ਵਜੋਂ ਕੰਮ ਕਰਦੇ ਰਹੇ ਅਤੇ ਉਹਨਾਂ ਦੇ ਅਣਥੱਕ ਯਤਨਾਂ ਨਾਲ ਹੀ ਭਾਰਤ ਦੇ ਸਾਰੇ ਨਾਗਰਿਕਾਂ ਦੇ ਅਧਿਕਾਰ ਸੁਰੱਖਿਅਤ ਹਨ। ਸਮਾਗਮ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਐਲੂਮਨੀ ਐਸੋਸੀਏਸ਼ਨ ਦੇ ਪ੍ਰਤੀਨਿੱਧ ਸ਼੍ਰੀ ਗੰਗਾ ਰਾਮ ਨੇ ਅੰਬੇਦਕਰ ਸਾਹਿਬ ਦੇ ਦਾਰਸ਼ਨਿਕ ਪੱਖ ਨੂੰ ਸਾਂਝਾ ਕੀਤਾ। ਪ੍ਰੋ. ਨਿਰਮਲ ਸਿੰਘ ਖੜਗ ਨੇ ਆਪਣੇ ਸੰਬੋਧਨ  ਦੌਰਾਨ ਸ਼੍ਰੀ ਅੰਬੇਦਕਰ ਜੀ ਦੀਆਂ ਪ੍ਰਾਪਤੀਆਂ ਦਾ ਉਲੇਖ ਕਰਦਿਆਂ ਉਹਨਾਂ ਨੂੰ ਦੂਰਦਰਸ਼ੀ ਸ਼ਖਸੀਅਤ ਆਖਿਆ ਅਤੇ ਔਰਤਾਂ ਦੇ ਹੱਕਾਂ ਪ੍ਰਤੀ ਲੜੀ ਉਹਨਾਂ ਦੀ ਲੜਾਈ ਬਾਰੇ ਦੱਸਦਿਆਂ ਇਸਤਰੀਆਂ ਨੂੰ ਪ੍ਰਦਾਨ ਕੀਤੀਆਂ ਸਹੂਲਤਾਂ ਦੀ ਵਡਮੁੱਲੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਪ੍ਰੋ. ਕੁਲਵੰਤ ਸਿੰਘ ਨੇ ਬਾਬਾ ਸਾਹਿਬ ਦੇ ਸਮੁੱਚੇ ਜੀਵਨ ਤੇ ਝਾਤ ਪਾਉਂਦਿਆਂ ਉਹਨਾਂ ਦੇ ਦਾਰਸ਼ਨਿਕ ਵਿਚਾਰਾਂ ਤੋਂ ਜਾਣੂ ਕਰਾਇਆ ਅਤੇ ਸਮਾਜਿਕ ਚੇਤਨਤਾ ਵਿੱਚ ਸਭ ਨੂੰ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ। ਉਹਨਾਂ ਉਪਰੰਤ ਪ੍ਰੋ. ਪ੍ਰਕਾਸ਼ ਸਿੰਘ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਸ਼੍ਰੀ ਦਿਲਬਾਗ ਸਿੰਘ ਨੇ ਵੀ ਡਾ, ਸਾਹਿਬ ਦੇ ਜੀਵਨ ਦੇ ਨਿਵੇਕਲੇ ਪੱਖਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਅੰਤ ਵਿੱਚ ਪ੍ਰਿੰ. ਹਰਮੇਸ਼ ਲਾਲ ਜੀ ਨੇ ਸਭ ਨੂੰ ਧੰਨਵਾਦੀ ਸ਼ਬਦ ਕਹੇ ਅਤੇ ਕਾਲਜ ਦੀ ਲਾਇਬ੍ਰੇਰੀ ਵਿੱਚ ਬਣਾਏ ਗਏ ਪੁਸਤਕ ਕਾਰਨਰ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਵਿਦਿਆਰਥੀਆਂ ਲਈ ਡਾ. ਸਾਹਿਬ ਦੀਆਂ ਅਤੇ ਉਹਨਾਂ ਨਾਲ ਸਬੰਧਤ ਪੁਸਤਕਾਂ ਦਾ ਸੰਗ੍ਰਹਿ ਕੀਤਾ ਗਿਆ। ਇਸ ਉਪਰੰਤ ਡਾ. ਅੰਬੇਦਕਰ ਕਾਰਨਰ ਦਾ ਉਦਘਾਟਨ ਕੀਤਾ ਗਿਆ ਅਤੇ ਪੁਸਤਕਾਂ ਦੀ ਇੱਕ ਅਲਮਾਰੀ ਡਾ. ਸਾਹਿਬ ਨੂੰ ਸਮਰਪਿਤ ਕਰਕੇ ਲਾਇਬ੍ਰੇਰੀ ਦੇ ਸਪੁਰਦ ਕੀਤੀ ਗਈ। ਇਸ ਮੌਕੇ ਸ਼੍ਰੀ ਰਾਮ ਸਿੰਘ ਭੀਖੀ ਵੱਲੋਂ ਆਪਣੇ ਵੱਲੋਂ ਵੀ ਕੁਝ ਪੁਸਤਕਾਂ ਇਸ ਕਾਰਨਰ ਲਈ ਭੇਟ ਕੀਤੀਆਂ ਗਈਆਂ। ਸਮਾਗਮ  ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਇਮੇਜ ਦੇ ਪ੍ਰਤੀਨਿੱਧ ਸ਼੍ਰੀ ਸੁਰਿੰਦਰ ਲਾਪਰ, ਸ. ਬਲਵਿੰਦਰ ਸਿੰਘ, ਪ੍ਰੋ. ਸੁਖਜੀਤ ਸਿੰਘ, ਪ੍ਰੋ. ਵਰਿੰਦਰ ਸਿੰਘ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਪੂਨਮ, ਪ੍ਰੋ. ਪ੍ਰਦੀਪ ਸਿੰਘ, ਪ੍ਰੋ. ਅਵਤਾਰ ਸਿੰਘ, ਪ੍ਰੋ. ਰੁਪਿੰਦਰ ਕੌਰ ਗਰੇਵਾਲ, ਪ੍ਰੋ. ਗਗਨਦੀਪ ਕੌਰ, ਪ੍ਰੋ. ਜਸਵੀਰ ਕੌਰ, ਪ੍ਰੋ. ਜੋਗਿੰਦਰ ਸਿੰਘ ਅਤੇ ਪ੍ਰੋ. ਸੁਖਬੀਰ ਸਿੰਘ ਅਤੇ ਕਾਲਜ ਦੇ ਵਿਦਿਆਰਥੀ ਸ਼ਾਮਿਲ ਸਨ।