ਅਮਨ ਅਰੋੜਾ ਵੱਲੋਂ ਫਗਵਾੜਾ ਵਿਖੇ ਅਤਿ-ਆਧੁਨਿਕ “ਸੈਂਟਰ ਆਫ ਐਕਸੀਲੈਂਸ” ਦਾ ਉਦਘਾਟਨ

  • 2000 ਪ੍ਰਾਰਥੀਆਂ ਨੂੰ ਆਟੋਮੋਟਿਵ ਮਸ਼ੀਨ ਅਪਰੇਟਰ ਅਤੇ ਇਲੈਕਟ੍ਰੀਕਲ/ਇਲੈਕਟ੍ਰੋਨਿਕਸ ਅਸੈਂਬਲੀ ਕੋਰਸਾਂ ਦੀ ਦਿੱਤੀ ਜਾਵੇਗੀ ਸਿਖਲਾਈ 

ਫਗਵਾੜਾ, 26 ਮਈ : ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੰਗਣ ਵਾਲਿਆਂ ਦੀ ਬਜਾਏ ਰੋਜ਼ਗਾਰ ਦੇਣ ਵਾਲੇ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਫਗਵਾੜਾ ਵਿਖੇ ਸੈਂਟਰ ਆਫ ਐਕਸੀਲੈਂਸ ਦਾ ਉਦਘਾਟਨ ਕੀਤਾ, ਜਿਸ ਵਿੱਚ 2000 ਤੋਂ ਵੱਧ ਨੌਜਵਾਨਾਂ ਨੂੰ ਆਟੋਮੋਟਿਵ ਮਸ਼ੀਨ ਅਪਰੇਟਰ ਅਤੇ ਇਲੈਕਟ੍ਰੀਕਲ/ਇਲੈਕਟ੍ਰੋਨਿਕਸ ਅਸੈਂਬਲੀ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇਗੀ। ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਅਤੇ ਹੁਨਰਮੰਦ ਬਣਾ ਕੇ ਰੋਜ਼ਗਾਰ ਮੰਗਣ ਵਾਲਿਆਂ ਦੀ ਥਾਂ ਰੋਜ਼ਗਾਰ ਦਾਤੇ ਬਣਾਉਣ ਲਈ ਹੁਨਰ ਵਿਕਾਸ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਵਿੱਚ ਉਦਯੋਗਾਂ ਦੀ ਸਥਾਪਨਾ ਕਰਨਾ ਅਤੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਹੈ ਤਾਂ ਜੋ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਪ੍ਰਵਾਸ ਦੇ ਰੁਝਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਪੂਰੇ ਦੁਆਬਾ ਖੇਤਰ ਅਤੇ ਵਿਸ਼ੇਸ਼ ਕਰਕੇ ਜਲੰਧਰ ਅਤੇ ਫਗਵਾੜਾ ਦੇ ਉਦਯੋਗਾਂ ਲਈ ਮੀਲਪੱਥਰ ਸਾਬਤ ਹੋਵੇਗਾ,ਜੋਕਿ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਸਵੈ ਰੁਜ਼ਗਾਰ ਸਥਾਪਿਤ ਕਰਨ ਲਈ ਰਾਹ ਦਸੇਰਾ ਬਣੇਗਾ। “ਸੈਂਟਰ ਆਫ ਐਕਸੀਲੈਂਸ” ਦੀ ਸ਼ੁਰੂਆਤੀ ਮਿਆਦ 2023-2025 ਤੱਕ 02 ਸਾਲ ਰੱਖੀ ਗਈ ਹੈ,ਜਿਸ ਦੌਰਾਨ ਲਗਭਗ 2000 ਪ੍ਰਾਰਥੀਆਂ ਨੂੰ ਆਟੋਮੋਟਿਵ ਮਸ਼ੀਨ ਅਪਰੇਟਰ ਅਤੇ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਅਸੈਂਬਲੀ ਫਿਟਰ ਦੇ 04-04 ਮਹੀਨੇ ਦੇ ਹੁਨਰ ਸਿਖਲਾਈ ਕੋਰਸ ਕਰਵਾਏ ਜਾਣਗੇ। ਰੋਜ਼ਗਾਰ ਉਤਪਤੀ ਮੰਤਰੀ ਨੇ ਕਿਹਾ ਕਿ ਇਸ ਸੈਂਟਰ ਨਾਲ ਉਦਯੋਗਾਂ ਨੂੰ ਲੋੜ ਅਨੁਸਾਰ ਸਥਾਨਕ ਪੱਧਰ ਤੇ ਸਿੱਖਿਅਤ ਕਰਮਚਾਰੀ ਉਪਲਬਧ ਹੋਣਗੇ ਅਤੇ ਨੌਜਵਾਨਾਂ ਨੂੰ ਵੀ ਘਰਾਂ ਦੇ ਨੇੜੇ ਹੀ ਵਧੀਆ ਤਨਖਾਹ 'ਤੇ ਚੰਗਾ ਰੋਜ਼ਗਾਰ ਮਿਲੇਗਾ। ਪੰਜਾਬ ਹੁਨਰ ਵਿਕਾਸ ਤੇ ਰੋਜ਼ਗਾਰ ਮਿਸ਼ਨ ਦੀ ਡਾਇਰੈਕਟਰ ਜਨਰਲ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ  ਲਈ ਚਾਹਵਾਨ ਪ੍ਰਾਰਥੀਆਂ ਦੀ ਬੈਚ ਅਨੁਸਾਰ ਰਜਿਸਟ੍ਰੇਸ਼ਨ ਕਰਕੇ ਮਾਹਿਰ ਟ੍ਰੇਨਰਾਂ ਨਾਲ ਟ੍ਰੇਨਿੰਗ ਕਰਵਾਈ ਜਾਵੇਗੀ, ਜਿਸ ਉਪਰੰਤ ਗੈਸਟ ਲੈਕਚਰਾਂ ਦੇ ਨਾਲ ਇੰਡਸਟਰੀ ਵਿਜਿਟ ਕਰਵਾਈ ਜਾਵੇਗੀ ਅਤੇ ਜਾਬ ਇੰਟਰਵਿਊ ਕਰਕੇ ਮੁਲਾਂਕਣ ਅਤੇ ਸਰਟੀਫਿਕੇਸ਼ਨ ਕਰਦੇ ਹੋਏ ਫਾਈਨਲ ਪਲੇਸਮੈਂਟ ਕੀਤੀ ਜਾਵੇਗੀ। ਟ੍ਰੇਨਿੰਗ ਕੋਰਸ ਦੌਰਾਨ ਪ੍ਰਾਰਥੀਆਂ ਲਈ ਕੌਸਲਿੰਗ ਸੈਸ਼ਨ, ਇੰਡਕਸ਼ਨ, ਸ਼੍ਰੇਣੀ-ਵੰਡ, ਗੈਸਟ ਲੈਕਚਰ, ਇੰਡਸਟਰੀ ਵਿਜਿਟਸ, ਮੁਢਲੀ-ਪਲੇਸਮੈਂਟ ਟਾਕਸ, ਕਰੀਅਰ ਗਾਈਡੈਂਸ, ਸਖਸ਼ੀਅਤ ਨਿਖਾਰ ਸੈਸ਼ਨ, ਮੌਨੀਟਰਿੰਗ ਅਤੇ ਮੋਟੀਵੇਸ਼ਨਲ ਸੈਸ਼ਨ,  ਇੰਟਰ ਬੈਚ ਮੁਕਾਬਲੇ, ਇੰਟਰ ਬੈਚ ਖੇਡ ਮੁਕਾਬਲੇ, ਪਿਕਨਿਕ, ਸੈਲੀਬਰਿਟੀ ਵਿਜਿਟ ਅਤੇ ਇਨੋਵੇਟਿਵ ਆਈਡੀਆ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਸਿੰਘ ਮਾਨ , ਚੇਅਰਮੈਨ ਐਸੋਚੈਮ ਵਿਜੈ ਗਰਗ, ਕੋ ਚੇਅਰਮੈਨ ਐਸੋਚੈਮ ਕੁਲਵੰਤ ਸੇਹਰਾ,  ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਡਾ. ਨਯਨ ਜੱਸਲ,ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਜੀਤ ਕੌਰ ਤੇ ਹੋਰ ਹਾਜ਼ਰ ਸਨ।