ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੀਤਾ ਜਾਵੇਗਾ ਹਰ ਸੰਭਵ ਉਪਰਾਲਾ-ਵਧੀਕ ਡਿਪਟੀ ਕਮਿਸ਼ਨਰ

  • ਅਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਭੇਜ ਕੇ 32 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਖਰਚ ਦਿੱਤਾ ਜਾਵੇਗਾ

ਫਰੀਦਕੋਟ 13 ਜੁਲਾਈ : ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੀ ਦੇਖਭਾਲ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਜਯੋਤੀ ਬਾਲਾ ਮੱਠੂ ਨੇ ਜਿਲ੍ਹੇ ਦੇ ਸਮੂਹ ਐਸ.ਡੀ.ਐਮ. ਅਤੇ ਈ.ਓਜ਼ ਨਾਲ ਵਿਸ਼ੇਸ਼ ਮੀਟਿੰਗ ਕਰਨ ਮੌਕੇ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਦੇ ਸਮੂਹ ਈ.ਓਜ਼ ਗਊਸ਼ਲਾਵਾਂ ਦੇ ਪ੍ਰਬੰਧਕਾਂ ਨਾਲ ਐਗਰੀਮੈਂਟ ਕਰਕੇ ਪਸ਼ੂ ਗਊਸ਼ਾਲਾਵਾਂ ਵਿੱਚ ਭੇਜਣਗੇ, ਜਿਸ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ 32 ਰੁਪਏ ਪ੍ਰਤੀ ਪਸ਼ੂ ਪ੍ਰਤੀ ਦਿਨ ਉਨ੍ਹਾਂ ਨੂੰ ਗਊਆਂ ਦੀ ਸਾਂਭ ਸੰਭਾਲ ਅਤੇ ਚਾਰੇ ਲਈ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਫੜ੍ਹੇ ਗਏ ਪਸ਼ੂਆਂ ਨੂੰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਟੈਗਿੰਗ ਕਰਨਗੇ ਤਾਂ ਜੋ ਪਸ਼ੂਆਂ ਦੀ ਚੰਗੇ ਤਰੀਕੇ ਨਾਲ ਗਿਣਤੀ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਗਊਸ਼ਲਾਵਾਂ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਕੋਲ ਜਗ੍ਹਾ ਹੈ ਪਰ ਸੈੱਡ ਪਾਉਣ ਲਈ ਪੈਸੇ ਨਹੀਂ ਹਨ ਤਾਂ ਉਹ ਇੱਕ ਅਰਜੀ ਲਿੱਖ ਕੇ ਉਨ੍ਹਾਂ ਦੇ ਦਫਤਰ ਜਾਂ ਸਬੰਧਤ ਐਸ.ਡੀ.ਐਮ ਨੂੰ ਦੇਣ ਤਾਂ ਜੋ ਹਾਊਸ ਦੀ ਪ੍ਰਵਾਨਗੀ ਲੈ ਕੇ ਗਊਆਂ ਲਈ ਸੈਂਡ ਪਾਇਆ ਜਾ ਸਕੇ। ਉਨ੍ਹਾਂ ਸਮੂਹ ਐਸ.ਡੀ.ਐਮ. ਨੂੰ ਹਦਾਇਤ ਕੀਤੀ ਕਿ ਉਹ ਆਪਣੀ ਪੱਧਰ ਤੇ ਸਮੂਹ ਈ.ਓਜ਼, ਡੀ.ਡੀ.ਪੀ.ਓ, ਨਾਲ ਮੀਟਿੰਗ ਕਰਕੇ ਗਊਸ਼ਾਲਾਵਾਂ ਵਿੱਚ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀਆਂ ਲੋੜਾਂ ਸਬੰਧੀ ਜਾਣਕਾਰੀ ਹਾਸਲ ਕਰਨ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਵਿੱਚ ਦਿੱਤੇ ਜਾਂਦੇ ਦਾਨ ਦਾ ਰਜਿਸਟਰ, ਚੌਂਕੀਦਾਰ ਆਦਿ ਦਾ ਪ੍ਰਬੰਧ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਲਈ ਵੱਧ ਤੋਂ ਵੱਧ ਦਾਨ ਇੱਕਤਰ ਕੀਤਾ ਜਾਵੇ ਅਤੇ ਇਸ ਕੰਮ ਲਈ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਲਈ ਜਾਵੇ।