ਲੋਕਾਂ ਨੂੰ ਰਾਹਤ ਕੇਂਦਰਾਂ ਵਿਚ ਪਹੁੰਚਾਈ ਜਾ ਰਹੀ ਹੈ ਹਰ ਮਦਦ : ਡਿਪਟੀ ਕਮਿਸ਼ਨਰ

  • 20 ਰਾਹਤ ਕੇਂਦਰ ਬਣਾਏ ਪਰ ਹਾਲੇ ਕੁਝ ਰਾਹਤ ਕੇਂਦਰਾਂ ਵਿਚ ਪਹੁੰਚੇ ਹਨ ਲੋਕ
  • ਲੋਕਾਂ ਨੂੰ ਬਿਨ੍ਹਾਂ ਮਦਦ ਦੇ ਆਪਣੇ ਆਪ ਪਾਣੀ ਵਿਚੋਂ ਲੰਘ ਕੇ ਨਾ ਆਉਣ ਦੀ ਅਪੀਲ

ਫਾਜਿ਼ਲਕਾ, 20 ਅਗਸਤ : ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਸਬੰਧੀ ਖਤਰੇ ਦਾ ਅਗੇਤਾ ਪਤਾ ਲੱਗ ਜਾਣ ਤੇ ਲੋਕਾਂ ਨੂੰ ਸਮੇਂ ਸਿਰ ਸੁਚੇਤ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਨੀਂਵੇਂ ਇਲਾਕਿਆਂ ਤੋਂ ਲੋਕ ਹੜ੍ਹ ਦਾ ਪਾਣੀ ਆਉਣ ਤੋਂ ਪਹਿਲਾਂ ਹੀ ਸੁਰੱਖਿਤ ਥਾਂਵਾਂ ਤੇ ਆ ਗਏ ਸਨ। ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਇੰਨ੍ਹਾਂ ਲੋਕਾਂ ਦੇ ਠਹਿਰਾਓ ਲਈ ਰਾਹਤ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੁ ਦੁੱਗਲ ਆਈ ਏ ਐਸ ਨੇ ਪਿੰਡ ਹਸਤਾਂ ਕਲਾਂ ਵਿਚ ਬਣੇ ਰਾਹਤ ਕੇਂਦਰ ਦਾ ਦੌਰਾ ਕਰਕੇ ਇੱਥੇ ਰਹਿ ਰਹੇ ਲੋਕਾਂ ਦਾ ਹਾਲ ਚਾਲ ਜਾਣਿਆ। ਉਨ੍ਹਾਂ ਨੇ ਲੋਕਾਂ ਤੋਂ ਇੱਥੇ ਮਿਲ ਰਹੀ ਸਹੁਲਤ ਦੀ ਜਾਣਕਾਰੀ ਵੀ ਲਈ। ਲੋਕਾਂ ਨੇ ਰਾਹਤ ਕੈਂਪ ਵਿਚ ਕੀਤੇ ਪ੍ਰਬੰੰਧਾਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।ਡਿਪਟੀ ਕਮਿਸ਼ਨਰ ਨੇ ਇੱਥੇ ਬੱਚਿਆਂ ਨੂੰ ਬਿਸਕੁਟ ਵੀ ਦਿੱਤੇ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੰਨ੍ਹਾਂ ਬੱਚਿਆਂ ਤੇ ਘਰ ਤੋਂ ਦੂਰ ਆਉਣ ਕਾਰਨ ਤਨਾਅ ਨਾ ਹੋਵੇ ਇਸ ਲਈ ਇੰਨ੍ਹਾਂ ਨੂੰ ਕੁਝ ਸਹਿਵਿਦਿਅਕ ਗਤੀਵਿਧੀਆਂ ਕਰਵਾਈਆਂ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ 20 ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ। ਇੰਨ੍ਹਾਂ ਕੈਂਪਾਂ ਵਿਚ ਆਉਣ ਵਾਲੇ ਲੋਕਾਂ ਦੇ ਭੋਜਨ ਦੀ ਵਿਵਸਥਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਉਥੇ ਹੀ ਉਨ੍ਹਾਂ ਦੇ ਜਾਨਵਰਾਂ ਲਈ ਵੀ ਫੀਡ ਦੀ ਵਿਵਸਥਾ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਪੀਲ ਕੀਤੀ ਕਿ ਜਿਹੜੇ ਲੋਕ ਆਪਣੇ ਪਿੰਡ ਛੱਡ ਕੇ ਪਹਿਲਾਂ ਨਹੀਂ ਆਏ ਸੀ, ਉਹ ਹੁਣ ਬਿਨ੍ਹਾਂ ਸਰਕਾਰੀ ਮਦਦ ਦੇ ਆਪਣੇ ਆਪ ਪੈਦਲ ਪਾਣੀ ਨੂੰ ਪਾਰ ਕਰਕੇ ਆਉਣ ਦੀ ਕੋਸਿ਼ਸ ਨਾ ਕਰਨ, ਕਿਉਂਕਿ ਇਹ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜ਼ੇਕਰ ਕੋਈ ਨਾਗਰਿਕ ਮੁਸ਼ਕਿਲ ਵਿਚ ਹੋਵੇ ਤਾਂ ਉਹ ਜਿ਼ਲ੍ਹਾਂ ਪੱਧਰੀ ਕੰਟਰੋਲ ਰੂਮ ਤੇ 01638—262153 ਨੰਬਰ ਤੇ ਕਾਲ ਕਰੇ, ਤੁਰੰਤ ਐਨਡੀਆਰਐਫ ਦੀ ਟੀਮ ਭੇਜ਼ ਕੇ ਅਜਿਹੇ ਵਿਅਕਤੀ ਨੂੰ ਸੁਰੱਖਿਅਤ ਲਿਆਂਦਾ ਜਾਵੇਗਾ। ਹਸਤਾਂ ਕਲਾਂ ਦੇ ਰਾਹਤ ਕੈਂਪ ਵਿਚ ਐਤਵਾਰ ਦੁਪਹਿਰ 2 ਵਜੇ ਤੱਕ 26 ਪਰਿਵਾਰਾਂ ਦੇ 125 ਲੋਕ ਆਪਣੇ 50 ਜਾਨਵਰਾਂ ਨਾਲ ਪੁੱਜੇ ਹਨ। ਸਲੇਮਸ਼ਾਹ ਰਾਹਤ ਕੈਂਪ ਵਿਚ 6 ਪਰਿਵਾਰਾਂ ਦੇ 28 ਮੈਂਬਰ 16 ਜਾਨਵਰਾਂ ਸਮੇਤ ਪਹੁੰਚੇ ਹਨ ਅਤੇ ਮੌਜਮ ਵਿਚ ਦੋ ਪਰਿਵਾਰਾਂ ਦੇ 8 ਮੈਂਬਰ ਪਹੁੰਚੇ ਹਨ। ਜਦ ਕਿ ਬਹੁਤ ਸਾਰੇ ਲੋਕ ਆਪਣੇ ਰਿਸਤੇਦਾਰਾਂ ਦੇ ਘਰਾਂ ਵਿਚ ਗਏ ਹਨ।