ਸਮੂਹ ਨਾਗਰਿਕ " ਸਵੱਛਾਂਜਲੀ" ਨਾਲ ਰਾਸ਼ਟਰਪਿਤਾ ਨੂੰ ਦੇਣ ਸ਼ਰਧਾਂਜਲੀ : ਈਸ਼ਾ ਸਿੰਗਲ

  • ਸਵੱਛਤਾ ਹੀ ਸੇਵਾ ਮੁਹਿੰਮ ਅਧੀਨ 01 ਅਕਤੂਬਰ ਨੂੰ "ਵਨ ਡੇਟ, ਵਨ ਆਵਰ, ਵਨ ਟੂਗੈਦਰ" ਪ੍ਰੋਗਰਾਮ ਵਿੱਚ ਸਮੂਹ ਨਾਗਰਿਕਾਂ ਨੂੰ ਸਹਿਯੋਗ ਦੇਣ ਦੀ ਅਪੀਲ

ਫ਼ਤਹਿਗੜ੍ਹ ਸਾਹਿਬ, 27 ਸਤੰਬਰ: ਸਵੱਛਤਾ ਹੀ ਸੇਵਾ ਮੁਹਿੰਮ ਅਧੀਨ 01 ਅਕਤੂਬਰ ਨੂੰ "ਇੱਕ ਤਾਰੀਖ, ਇੱਕ ਘੰਟਾ, ਇੱਕ ਸਾਥ" ਨਾਮ ਹੇਠ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਵੇਗੀ ਜਿਸ ਵਿੱਚ ਸਮੂਹ ਨਾਗਰਿਕਾਂ, ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਤੇ ਲੋਕਾਂ ਦੇ ਚੁਣੇ ਨੁਮਾਇੰਦਿਆਂ ਦਾ ਸਹਿਯੋਗ ਲਿਆ ਜਾਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਈਸ਼ਾ ਸਿੰਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੱਛਤਾ ਹੀ ਸੇਵਾ ਮੁਹਿੰਮ ਅਧੀਨ ਕੀਤੇ ਜਾਣ ਵਾਲੇ ਕੰਮਾਂ ਬਾਰੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ 01 ਅਕਤੂਬਰ ਨੂੰ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ ਇੱਕ ਘੰਟਾ ਸਫਾਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜਿਸ ਤਹਿਤ ਹਰੇਕ ਵਾਰਡ ਵਿੱਚ ਦੋ ਸਥਾਨਾਂ ਤੇ ਵਿਸ਼ੇਸ਼ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਨਾਗਰਿਕਾਂ ਨੂੰ ਸਾਫ ਸਫਾਈ ਲਈ ਜਾਗਰੂਕ ਕਰਕੇ ਕੂੜਾ ਰਹਿਤ ਸਾਫ ਸੁਥਰਾ ਵਾਤਾਵਰਣ ਦੀ ਸਿਰਜਣਾ ਕੀਤੀ ਜਾ ਸਕੇ। ਸ਼੍ਰੀਮਤੀ ਈਸ਼ਾ ਸਿੰਗਲ ਨੇ ਦੱਸਿਆ ਕਿ ਗਾਂਧੀ ਜਯੰਤੀ ਮੌਕੇ ਸਵੇਰੇ 10 ਵਜੇ ਤ਼ ਇੱਕ ਘੰਟਾ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਬਣਾਉਣ ਲਈ ਜਾਗਰੂਕ ਕਰਕੇ ਸਫਾਈ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਨਾਗਰਿਕਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਚੁਣੀਆਂ ਗਈਆ ਜਨਤਕ ਥਾਵਾਂ ਤੇ ਸਫਾਈ ਸੇਵਕਾਂ ਰਾਹੀਂ ਸਾਫ ਸਫਾਈ ਕਰਵਾਈ ਜਾਵੇਗੀ ਅਤੇ ਇਕੱਠਾ ਕੀਤਾ ਗਿਆ ਕੂੜਾ ਪ੍ਰਬੰਧਨ ਲਈ ਨੇੜਲੇ ਵੇਸਟ ਮੈਨੇਜਮੈਂਟ ਯੁਨਿਟ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰਵਾਏ ਜਾ ਰਹੇ ਸਵੱਛਤਾ ਪ੍ਰੋਗਰਾਮ ਵਿੱਚ ਸਥਾਨਿਕ ਨਾਗਰਿਕਾਂ, ਲੋਕਾਂ ਦੇ ਚੁਣੇ ਨੁਮਾਇੰਦਿਆਂ, ਸਮਾਜਿਕ, ਧਾਰਮਿਕ ਤੇ ਵਿਦਿਅਕ ਸੰਸਥਾਵਾਂ, ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਮਾਰਕੀਟ ਐਸੋਸੀਏਸ਼ਨਾਂ, ਯੂਥ ਕਲੱਬਾਂ, ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ, ਹੋਟਲ ਢਾਬਿਆਂ ਦਾ ਯੋਗਦਾਨ ਵੀ ਲਿਆ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇੱਕ ਤਾਰੀਖ, ਇੱਕ ਘੰਟਾ, ਇੱਕ ਸਾਥ ਮੁਹਿੰਮ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਲੇ ਦੁਆਲੇ ਦੀ ਸਾਫ ਸਫਾਈ ਦਾ ਕੰਮ ਕਰਕੇ ਰਾਸ਼ਟਰਪਿਤਾ ਨੂੰ ਸਵੱਛਾਂਜਲੀ ਨਾਲ ਸ਼ਰਧਾਂਜਲੀ ਦੇਣ।