ਪੀਏਯੂ ਅਤੇ ਉਡੀਸਾ ਦੇ ਉੱਦਮੀ ਵਿਚਕਾਰ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਤਕਨੀਕ ਦੇ ਪਸਾਰ ਲਈ ਸੰਧੀ ਹੋਈ

ਲੁਧਿਆਣਾ 20 ਸਤੰਬਰ, 2024 : ਪੀਏਯੂ ਨੇ ਡਾਂਗਾਪਾਲ, ਓਡੀਸ਼ਾ ਦੇ ਖੇਤੀ ਕਾਰੋਬਾਰ ਉੱਦਮੀ ਸ਼੍ਰੀ ਅਜੀਤ ਕੁਮਾਰ ਬੇਹੜਾ (ਮੈਸਰਜ਼ ਐਸ਼ ਉਦਯੋਗ) ਨਾਲ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਲਈ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਸ ਸੰਬੰਧੀ ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਫਰਮ ਦੇ ਨੁਮਾਇੰਦੇ ਸ੍ਰੀ ਅਜੀਤ ਕੁਮਾਰ ਬੇਹੜਾ ਨਾਲ ਸੰਧੀ ਦੀਆਂ ਸ਼ਰਤਾਂ 'ਤੇ ਹਸਤਾਖਰ ਕੀਤੇ। ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਮਾਹਿਰ ਡਾ: ਪੂਨਮ ਏ. ਸਚਦੇਵ ਨੇ ਦੱਸਿਆ ਕਿ ਗੰਨੇ ਦੇ ਰਸ ਨੂੰ ਸੂਖਮ ਜੀਵਾਂ ਨੂੰ ਮਾਰਨ ਅਤੇ ਸ਼ੈਲਫ ਲਾਈਫ ਵਧਾਉਣ ਲਈ ਥਰਮਲ ਤੌਰ 'ਤੇ ਪ੍ਰੋਸੈਸ ਕੀਤਾ ਜਾਂਦਾ ਹੈ। ਇਹ ਪ੍ਰੋਸੈਸਿੰਗ ਸੜਕ ਕੰਢੇ ਗੰਨੇ ਦਾ ਰਸ ਵੇਚਣ ਵਾਲਿਆਂ ਦੇ ਮੁਕਾਬਲੇ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਾਫ਼ ਸੁਥਰਾ ਉਤਪਾਦ ਬਣਾ ਦਿੰਦੀ ਹੈ। ਇਸ ਨਾਲ ਬੋਤਲਬੰਦ ਰਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਉਤਪਾਦ ਦੇ ਤੌਰ ਤੇ ਵੇਚਣ ਦੇ ਮੌਕੇ ਪ੍ਰਦਾਨ ਕਰਦਾ ਹੈ। ਪੀਏਯੂ ਦੇ ਟੈਕਨਾਲੋਜੀ ਮਾਰਕੀਟਿੰਗ ਸੈੱਲ ਦੇ ਐਸੋਸੀਏਟ ਡਾਇਰੈਕਟਰ ਡਾ. ਖੁਸ਼ਦੀਪ ਧਾਰਨੀ ਨੇ ਦੱਸਿਆ ਕਿ ਗੰਨੇ ਦੇ ਜੂਸ ਦੀ ਬੋਤਲਿੰਗ ਤਕਨਾਲੋਜੀ ਉੱਦਮੀਆਂ ਵਿੱਚ ਲਗਾਤਾਰ ਪ੍ਰਸਿੱਧੀ ਹਾਸਿਲ ਕਰ ਰਹੀ ਹੈ ਅਤੇ ਹੁਣ ਤੱਕ ਪੀਏਯੂ ਨੇ ਹੁਣ ਤਕ ਇਸ ਤਕਨਾਲੋਜੀ ਦਾ ਪ੍ਰਸਾਰ ਕਰਨ ਲਈ 24 ਸਮਝੌਤੇ ਕੀਤੇ ਹਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਮਾਰਕੀਟਿੰਗ ਸੈੱਲ ਯੂਨੀਵਰਸਿਟੀ ਵਿੱਚ ਪੈਦਾ ਹੋਏ ਖੇਤੀ ਗਿਆਨ ਨੂੰ ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਹੋਰ ਸਹਾਇਕ ਖੇਤਰਾਂ ਵਿੱਚ ਸਬੰਧਤ ਹਿੱਸੇਦਾਰਾਂ ਨਾਲ ਸਾਂਝਾ ਕਰਨ ਲਈ ਮਜ਼ਬੂਤ ਸਬੰਧ ਸਥਾਪਤ  ਕਰਦਾ ਹੈ। ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਅਤੇ ਡਾ: ਅਜਮੇਰ ਸਿੰਘ ਢੱਟ ਨੇ ਭਾਰਤ ਦੇ ਕਿਸਾਨਾਂ ਅਤੇ ਉਦਯੋਗਿਕ ਸਾਂਝੀਦਾਰਾਂ ਨਾਲ ਇਸ ਤਕਨਾਲੋਜੀ ਨੂੰ ਸਾਂਝਾ ਕਰਨ ਲਈ ਡਾ: ਪੂਨਮ ਦੇ ਠੋਸ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਸ਼ੰਸਾ ਕੀਤੀ। ਇਸ ਮੌਕੇ ਡਾ ਗੁਰਜੀਤ ਸਿੰਘ ਮਾਂਗਟ, ਏ.ਡੀ.ਆਰ.(ਖੇਤੀਬਾੜੀ), ਡਾ ਗੁਰਸਾਹਿਬ ਸਿੰਘ ਮਾਨਸ, ਏ.ਡੀ.ਆਰ.(ਐਗਰੀ ਇੰਜੀ.), ਅਤੇ ਡਾ. ਸਵਿਤਾ ਸ਼ਰਮਾ, ਮੁਖੀ, ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੀ ਹਾਜ਼ਰ ਸਨ।