ਟਰੱਕ ਆਪ੍ਰੇਟਰ ਤੇ ਸਰਕਾਰ ਵਿਚਾਲੇ ਬਣੀ ਸਹਿਮਤੀ, ਸ਼ੰਭੂ ਬਾਰਡਰ ਤੋਂ ਚੁੱਕਣਗੇ ਧਰਨਾ

ਰਾਜਪੁਰਾ, 4 ਜਨਵਰੀ : ਪਿਛਲੇ ਕਈ ਦਿਨਾਂ ਤੋਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਉਤੇ ਧਰਨਾ ਦੇ ਰਹੇ ਟਰੱਕ ਆਪ੍ਰੇਟਰਾਂ ਅਤੇ ਸਰਕਾਰ ਵਿੱਚਕਾਰ ਅੱਜ ਮੀਟਿੰਗ ਹੋਈ। ਮੀਟਿੰਗ ਵਿੱਚ ਕਈ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਸਰਕਾਰ ਨਾਲ ਅੱਜ ਹੋਈ ਮੀਟਿੰਗ ਤੋਂ ਬਾਅਦ ਟਰੱਕ ਆਪ੍ਰੇਟਰਾਂ ਤੇ ਸਰਕਾਰ ਦੀ ਸਹਿਮਤੀ ਬਣ ਗਈ ਹੈ। ਜਿਸ ਤੋਂ ਬਾਅਦ ਟਰੱਕ ਆਪ੍ਰੇਟਰ ਆਪਣਾ ਧਰਨਾ ਚੁੱਕਣ ਲਈ ਤਿਆਰ ਹੋ ਗਏ ਹਨ।  ਦੱਸ ਦਈਏ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ ਚੇਤੰਨ ਸਿੰਘ ਜੌੜਾ ਮਾਜਰਾ ਵਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਟਰੱਕ ਆਪ੍ਰੇਟਰਾਂ ਨਾਲ ਮੀਟਿੰਗ ਕੀਤੀ ਗਈ। ਇਸ ਸਬੰਧੀ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ’ਚ 4 ਮੈਂਬਰ ਸਰਕਾਰ ਦੇ ਵੀ ਹੋਣਗੇ। ਉਨ੍ਹਾਂ ਦੱਸਿਆ ਕਿ ਟਰੱਕ ਆਪ੍ਰੇਟਰਾਂ ਦੀਆਂ ਮੰਗਾਂ ਨੂੰ ਲੈ ਕਿ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ 11 ਮੈਂਬਰ ਕਮੇਟੀ ਤਕਰੀਬਨ ਇੱਕ ਮਹੀਨੇ ਤੋਂ ਬਾਅਦ ਸਰਕਾਰ ਨੂੰ ਰਿਪੋਰਟ ਸੌਂਪੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨਵੀਂ ਟਰਾਂਸਪਰੋਟ ਪਾਲਿਸੀ ਵੀ ਲਿਆਈ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਟਰੱਕ ਆਪਰੇਟਰਾਂ ਨੇ ਸ਼ੰਭੂ ਬਰਾਡਰ ਉਤੇ ਆਪਣਾ ਧਰਨਾ ਲਗਾਇਆ ਹੋਇਆ ਸੀ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲ ਆ ਰਹੀ ਸੀ। ਰਾਜਪੁਰਾ ਵਿੱਚ ਲੱਗਣ ਵਾਲੇ ਜਾਮ ਕਾਰਨ ਲੋਕ ਕਈ ਘੰਟੇ ਘੰਟੇ ਜਾਮ ਵਿੱਚ ਫਸ ਰਹੇ ਸਨ।  ਸ਼ੰਭੂ ਬਰਾਡਰ ਤੋਂ ਅੱਗੇ ਜਾਣ ਵਾਲਿਆਂ ਲਈ ਰਸਤਾ ਬਦਲਿਆ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਕਈ-ਕਈ ਕਿਲੋਮੀਟਰ ਦੂਰੀ ਵੱਧ ਤੈਅ ਕਰਨੀ ਪੈ ਰਹੀ ਸੀ।