ਬਰਸਾਤੀ ਸੀਜ਼ਨ ਤੋਂ ਬਾਅਦ ਮੰਡੀ ਗੋਬਿੰਦਗੜ੍ਹ ਦੀਆਂ ਗਲੀਆਂ ਤੇ ਸੜਕਾਂ ਦੇ ਸਾਰੇ ਬਕਾਇਆ ਕਾਰਜ ਹੋਣਗੇ ਮੁਕੰਮਲ : ਕਾਰਜਸਾਧਕ ਅਫ਼ਸਰ

ਮੰਡੀ ਗੋਬਿੰਦਗੜ੍ਹ, 09 ਸਤੰਬਰ 2024 : ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਅਧੀਨ ਆਉਂਦਾ ਸਾਰਾ ਖੇਤਰ ਵਾਟਰ ਸਪਲਾਈ ਤੇ ਸੀਵਰੇਜ ਨਾਲ 100 ਫੀਸਦ ਜੋੜਿਆ ਗਿਆ ਹੈ ਤੇ ਇਸ ਕਾਰਜ ਉਪਰੰਤ ਵੱਡੇ ਖੇਤਰ ਵਿਚਲੀਆਂ ਸੜਕਾਂ ਤੇ ਗਲੀਆਂ ਦੀ ਮੁਰੰਮਤ ਕਰ ਦਿੱਤੀ ਗਈ ਹੈ ਤੇ ਬਰਸਾਤ ਕਾਰਨ ਜਿਹੜੀਆਂ ਸੜਕਾਂ ਤੇ ਗਲੀਆਂ ਦਾ ਕੰਮ ਬਕਾਇਆ ਰਹਿ ਗਿਆ ਹੈ, ਉਹ ਵੀ ਬਰਸਾਤਾਂ ਉਪਰੰਤ ਕਰਵਾ ਦਿੱਤਾ ਜਾਵੇਗਾ। ਇਹ ਜਾਣਾਕਰੀ ਦਿੰਦਿਆਂ ਕਾਰਜ ਸਾਧਕ ਅਫਸਰ ਸ਼੍ਰੀ ਕੇ.ਐੱਸ. ਬਰਾੜ ਨੇ ਦੱਸਿਆ ਕਿ ਨਗਰ ਕੌਂਸਲ ਇਹ ਗੱਲ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਾਵੇ। ਇਸ ਸਬੰਧੀ ਸਮੂਹ ਸਟਾਫ ਮੈਂਬਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਾਰਜਸਾਧਕ ਅਫ਼ਸਰ ਨੇ ਕਿਹਾ ਕਿ ਜੇਕਰ ਫੇਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਉਹ ਉਸਦਾ ਫੌਰੀ ਹੱਲ ਕਰਵਾਉਣਗੇ। ਉਹਨਾਂ ਦਾ ਫ਼ੋਨ ਨੰਬਰ 98143-89097 ਹੈ।