ਧੁੰਦ 'ਚ ਟਰੱਕ ਨਾਲ ਟਕਰਾਉਣ ਤੋਂ ਬਾਅਦ ਮਿੰਨੀ ਬੱਸ ਪਲਟੀ, ਦਰਜਨ ਤੋਂ ਵੱਧ ਸਵਾਰੀਆਂ

ਲਾਲੜੂ, 30 ਜਨਵਰੀ : ਪਿੰਡ ਜਿਊਲੀ ਨੇੜੇ ਮੰਗਲਵਾਰ ਸਵੇਰੇ ਧੁੰਦ ਕਾਰਨ ਇੱਕ ਮਿੰਨੀ ਬੱਸ ਟਰੱਕ ਨਾਲ ਆਹਮੋ-ਸਾਹਮਣੇ ਦੀ ਹੋਈ ਟੱਕਰ ਤੋਂ ਬਾਅਦ ਮਿੰਨੀ ਬੱਸ ਪਲਟ ਗਈ।ਹਾਦਸੇ 'ਚ ਮਿੰਨੀ ਬੱਸ ਦੀਆਂ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਦੋਵੇਂ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਹੰਡੇਸਰਾ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਸਾਢੇ 10 ਵਜੇ ਪਿੰਡ ਜਿਊਲੀ ਨੇੜੇ ਵਾਪਰਿਆ। ਹਰ ਰੋਜ਼ ਦੀ ਤਰ੍ਹਾਂ ਬੱਸ ਸਵਾਰੀਆਂ ਲੈ ਕੇ ਸਮਗੋਲੀ ਵੱਲ ਜਾ ਰਹੀ ਸੀ। ਇਸ ਦੌਰਾਨ ਧੁੰਦ ਵਿੱਚ ਸਾਹਮਣੇ ਤੋਂ ਆ ਰਹੀ ਬੱਸ ਨਾਲ ਇੱਕ ਟਰੱਕ ਦੀ ਟੱਕਰ ਹੋ ਗਈ। ਦੋਵੇਂ ਵਾਹਨਾਂ ਦੀ ਡਰਾਈਵਰ ਸਾਈਡ ਆਪਸ ਵਿਚ ਟਕਰਾ ਗਈ, ਜਿਸ ਤੋਂ ਬਾਅਦ ਟਰੱਕ ਸੜਕ 'ਤੇ ਹੀ ਖੜ੍ਹਾ ਰਿਹਾ ,ਜਦਕਿ ਮਿੰਨੀ ਬੱਸ ਮੋੜ ਕੱਟਦੇ ਹੋਏ ਖੱਬੇ ਪਾਸੇ ਮੁੜ ਗਈ ਅਤੇ ਸੜਕ ਦੇ ਹੇਠਾਂ ਕੱਚੇ ਵਿਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਦਰਜਨ ਦੇ ਕਰੀਬ ਸਵਾਰੀਆਂ ਸਵਾਰ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਥਾਣਾ ਹੰਡੇਸਰਾ ਪੁਲਿਸ ਅਧਿਕਾਰੀ ਓਮਪ੍ਰਕਾਸ਼ ਨੇ ਦੱਸਿਆ ਕਿ ਸੜਕ 'ਤੇ ਇਕ ਅਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਦੋਵੇਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਦੋਵਾਂ ਧਿਰਾਂ ਨੂੰ ਥਾਣੇ ਬੁਲਾਉਣ ਤੋਂ ਬਾਅਦ ਆਪਸੀ ਸਮਝੌਤਾ ਹੋ ਗਿਆ, ਜਿਸ ਕਾਰਨ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।