ਅਡਾਪਟ-ਏ-ਸਪਾਟ ਆਸ ਇਕ ਸਾਫ਼ ਫ਼ਤਹਿਗੜ੍ਹ ਸਾਹਿਬ ਲਈ" ਪ੍ਰੋਗਰਾਮ ਦੀ ਸ਼ੁਰੂਆਤ 01 ਅਕਤੂਬਰ ਤੋਂ ਚੁੰਨੀ ਵਿਖੇ: ਪਰਨੀਤ ਸ਼ੇਰਗਿੱਲ

  • ਵਾਤਾਵਰਨ ਨੂੰ ਸਾਫ-ਸੁਥਰਾ ਰੱਖਣਾ ਹਰੇਕ ਨਾਗਰਿਕ ਦਾ ਮੁਢਲਾ ਫਰਜ਼

ਫਤਹਿਗੜ੍ਹ ਸਾਹਿਬ, 29 ਸਤੰਬਰ : ਗੰਦਗੀ ਅਜਿਹੀ ਸਮਾਜਿਕ ਸਮੱਸਿਆ ਹੈ, ਜਿਸ ਨੂੰ ਖਤਮ ਕਰਨ ਲਈ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਆਪਸ ਵਿੱਚ ਮਿਲ ਕੇ ਇੱਕ ਜਨ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਸਾਫ-ਸਫਾਈ ਪੱਖੋਂ ਵੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲਾ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਦੇਸ਼ ਦੇ ਮੋਹਰੀ ਜ਼ਿਲ੍ਹਿਆਂ ਵਿੱਚ ਸ਼ਾਮਲ ਹੋ ਸਕੇ। ਇਸ ਦੇ ਮੱਦੇਨਜ਼ਰ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ "ਅਡਾਪਟ-ਏ-ਸਪਾਟ: ਆਸ ਇਕ ਸਾਫ਼ ਫ਼ਤਹਿਗੜ੍ਹ ਸਾਹਿਬ ਲਈ" ਪ੍ਰੋਗਰਾਮ ਦੀ ਸ਼ੁਰੂਆਤ 01 ਅਕਤੂਬਰ ਤੋਂ ਨੇੜੇ ਅਕਾਲ ਅਕੈਡਮੀ, ਚੁੰਨੀ ਕਲਾਂ ਤੋਂ ਕੀਤੀ ਜਾ ਰਹੀ ਹੈ। ਇਹ ਪ੍ਰੋਗਰਾਮ ਜ਼ਿਲ੍ਹੇ ਨੂੰ ਸਫ਼ਾਈ ਪੱਖੋਂ ਅਵੱਲ ਬਣਾਉਣ ਵਿਚ ਮੋਹਰੀ ਭੂਮਿਕਾ ਨਿਭਾਏਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪ੍ਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਰਕਾਰ ਵੱਲੋਂ 02 ਅਕਤੂਬਰ ਤੱਕ 'ਸਵੱਛਤਾ ਹੀ ਸੇਵਾ' ਵਿਸ਼ੇ 'ਤੇ ਮਨਾਏ ਜਾ ਰਹੇ ਸਵੱਛਤਾ ਪੰਦਰਵਾੜੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਸ ਪੰਦਰਵਾੜੇ ਦੀ ਕਾਮਯਾਬੀ ਵਿਚ ਨੌਜਵਾਨਾਂ ਵੱਡੀ ਭੂਮਿਕਾ ਨਿਭਾ ਸਕਦੇ ਹਨ, ਇਸ ਲਈ ਉਹਨਾਂ ਨੂੰ ਇਸ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਫ਼ਾਈ ਰੱਖਣ ਲਈ ਹਰੇਕ ਵਰਗ ਦੇ ਲੋਕਾਂ ਅੰਦਰ ਸਮਰਪਣ ਦੀ ਭਾਵਨਾ ਹੋਣਾ ਜ਼ਰੂਰੀ ਹੈ ਅਤੇ ਸਾਫ਼ ਸੁਥਰੇ ਮਾਹੌਲ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ ਵੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਜਿਸ ਮੰਤਵ ਨਾਲ ਇਹ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਉਹ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਜ਼ਿਲ੍ਹੇ ਦਾ ਹਰੇਕ ਨਾਗਰਿਕ ਵਲੰਟੀਅਰ ਤੌਰ 'ਤੇ ਸਾਫ ਸਫਾਈ ਰੱਖਣ ਵਿੱਚ ਸਹਿਯੋਗ ਦੇਵੇ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ ਸਫਾਈ ਰੱਖਣ ਲਈ ਜਾਗਰੂਕ ਕਰਨ ਵਾਸਤੇ ਵੱਖੋ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ  ਘਰਾਂ, ਕੰਮ ਕਰਨ  ਵਾਲੇ ਸਥਾਨਾਂ, ਸਿੱਖਿਆ ਸੰਸਥਾਵਾਂ, ਸਿਹਤ ਸੰਸਥਾਵਾਂ, ਬੱਸ ਅੱਡਿਆਂ ਤੇ ਹੋਰ ਜਨਤਕ ਸਥਾਨਾਂ ਨੂੰ ਗੰਦਗੀ ਮੁਕਤ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਗੰਦਗੀ ਦੂਰ ਕਰਕੇ ਹੀ ਅਸੀਂ ਨਾ ਸਿਰਫ ਆਪਣੇ ਦੇਸ਼ ਨੂੰ ਸਾਫ ਸੁਥਰਾ ਬਣਾਉਣ ਵਿੱਚ ਯੋਗਦਾਨ ਪਾ ਸਕਦੇ ਹਾਂ ਸਗੋਂ ਸਾਫ ਸਫਾਈ ਰੱਖ ਕੇ ਅਸੀਂ ਆਪਣੇ ਆਪ ਨੂੰ, ਆਪਣੇ ਪਰਿਵਾਰ, ਆਪਣੇ ਗੁਆਂਢੀਆਂ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਗੰਦਗੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਾ ਸਕਦੇ ਹਾਂ।  ਉਨ੍ਹਾਂ ਕਿਹਾ ਕਿ ਆਪਣੇ ਜ਼ਿਲ੍ਹੇ, ਸੂਬੇ ਤੇ ਦੇਸ਼ ਨੂੰ ਸਾਫ ਸੁਥਰਾ ਤੇ ਗੰਦਗੀ ਤੋਂ ਮੁਕਤ ਰੱਖਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਸਵੱਛਤਾ ਪੰਦਰਵਾੜੇ ਵਿੱਚ ਆਪਣੀ ਇੱਛਾ ਅਨੁਸਾਰ ਵਲੰਟੀਅਰ ਤੌਰ 'ਤੇ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ 'ਚ ਬਚਪਨ ਤੋਂ ਹੀ ਸਾਫ ਸਫਾਈ ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਸਾਡੇ ਬੱਚੇ ਗੰਦਗੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਸਦਾ ਲਈ ਬਚੇ ਰਹਿਣ।