ਨਸ਼ਾ ਛੱਡੋ ਕੋਹੜ ਵੱਡੋ ਦਾ ਹੋਕਾ ਦੇਣ ਵਾਸਤੇ ਪਿੰਡ ਅਰਾਈਆਂ ਵਾਲਾ ਵਿਖੇ ਪੁਜਿੱਆ ਪ੍ਰਸ਼ਾਸਨ

  • ਐਮ.ਐਲ.ਏ, ਡੀ.ਸੀ ਅਤੇ ਐਸ.ਐਸ.ਪੀ. ਨੇ ਸੁਣੀਆਂ ਸ਼ਿਕਾਇਤਾਂ
  • ਲੋਨ ਮੇਲਾ, ਯੋਗਾ, ਸਕਿੱਲ ਡਿਵੈਲਪਮੈਂਟ ਤੋਂ ਇਲਾਵਾ ਹੈਲਪ ਲਾਈਨ ਨੰਬਰ ਦਿੱਤਾ

ਫ਼ਰੀਦਕੋਟ 4 ਅਕਤੂਬਰ : ਮੋਹ, ਮਮਤਾ ਅਤੇ ਦਇਆ ਭਾਵਨਾ ਨਾਲ ਨੋਜਵਾਨਾਂ ਨੂੰ ਨਸ਼ੇ ਦੇ ਜੰਜਾਲ ਚੋਂ  ਕੱਢਣ ਦਾ ਹੋਕਾ ਦੇਣ ਲਈ ਬੁੱਧਵਾਰ ਸਵੇਰੇ ਐਮ.ਐਲ.ਏ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਸਮੁੱਚਾ ਜਿਲ੍ਹਾ ਅਤੇ ਸਿਵਲ ਪ੍ਰਸ਼ਾਸ਼ਨ ਪਿੰਡ ਅਰਾਈਆਂ ਵਾਲਾ ਵਿਖੇ ਪੁੱਜਿਆ। ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਐਮ.ਐਲ.ਏ ਸੇਖੋਂ ਨੇ ਇਤਿਹਾਸ ਅਤੇ ਵਰਤਮਾਨ ਵਿੱਚ ਕਾਮਯਾਬ ਹੋਏ ਲੋਕਾਂ ਦੀਆਂ ਉਦਾਹਰਨਾਂ ਦੇ ਕੇ ਨੋਜਵਾਨ ਪੀੜ੍ਹੀ ਨੂੰ ਨਸ਼ੇ ਦੀ ਗ੍ਰਿਫਤ ਚੋਂ ਆਜ਼ਾਦ ਹੋਣ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਹਰ ਹੀਲੇ ਨਸ਼ਿਆਂ ਨੂੰ ਖਤਮ ਕਰਨ ਲਈ ਵਚਨਬੱਧ ਹੈ। ਪਿੰਡ ਵਾਸੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਐਮ.ਐਲ.ਏ ਨੇ ਕਿਹਾ ਕਿ ਨਸ਼ੇ ਦੇ ਮੁਕੰਮਲ ਖਾਤਮੇ ਲਈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਇਸ ਨਾਮੁਰਾਦ ਸਮਾਜਿਕ ਕੁਰੀਤੀ ਤੋਂ ਖਹਿੜਾ ਛੁਡਵਾਇਆ ਜਾਵੇਗਾ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਇਸ ਗੱਲ ਨੂੰ ਕਤੱਈ ਬਰਦਾਸ਼ਤ ਨਹੀਂ ਕਰਦੇ ਕਿ ਕਿਸੇ ਵੀ ਵਿਤਕਰੇ ਜਾਂ ਪਾਰਟੀਬਾਜ਼ੀ ਦੇ ਚੱਲਦਿਆਂ ਜਾਂ ਬਦਲਾਖੋਰੀ ਦਾ ਭਾਵਨਾ ਨਾਲ ਕਿਸੇ ਪਿੰਡ ਵਾਸੀ ਨੂੰ ਨਜ਼ਾਇਜ਼ ਨਾਮਜ਼ਦ ਕੀਤਾ ਜਾਵੇ। ਪੁਲਿਸ ਦੀ ਕਾਰਗੁਜ਼ਾਰੀ ਤੇ ਉਂਗਲ ਉਠਾਉਂਦਿਆਂ ਜਦੋਂ ਪਿੰਡ ਦੇ ਕੁਝ ਵਸਨੀਕਾਂ ਅਤੇ ਮੁਹੱਤਬਰ ਵਿਅਕਤੀਆਂ ਨੇ ਕੁਝ ਚੁਣੀਦੇ ਇਲਾਕਿਆਂ ਵਿੱਚ ਨਸ਼ਿਆਂ ਦੀ ਭਰਮਾਰ ਹੋਣ ਦਾ ਦਾਅਵਾ ਜਤਲਾਇਆ ਤਾਂ ਐਮ.ਐਲ.ਏ ਸੇਖੋਂ ਨੇ ਇੱਥੋਂ ਦੇ ਵਸਨੀਕਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਸਖਤ ਤੋਂ ਸਖਤ ਕਾਰਵਾਈ ਕਰਕੇ ਨਸ਼ੇ ਦਾ ਲੱਕ ਤੋੜ ਦੇਣ ਦਾ ਆਸ਼ਵਾਸ਼ਨ ਦਿੱਤਾ। ਐਮ.ਐਲ.ਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲੇ ਲੋਕਾਂ ਦੇ ਨਾਮ, ਸਮੇਤ ਸਬੂਤ ਉਹ ਪੁਲਿਸ ਵੱਲੋਂ ਜਾਰੀ ਮੋਬਾਇਲ ਨੰਬਰ (ਕੇਵਲ ਵੱਟਸਐਪ) ਤੇ ਫੋਟੋ ਵੀਡੀਓ ਜਾਂ ਲਿਖਤੀ ਰੂਪ ਵਿੱਚ ਦੇਣ ਤਾਂ ਜੋ ਨਸ਼ੇ ਦੇ ਕਾਰੋਬਾਰੀਆਂ ਨੂੰ ਨੱਥ ਪਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਸਕੇ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਲੋਕਾਂ ਦੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਕਿਹਾ ਕਿ ਪਿੰਡ ਵਿੱਚ ਜਲਦ ਹੀ ਲੋਨ ਮੇਲਾ, ਮੁਦਰਾ ਲੋਨ, ਯੋਗਾ, ਸਕਿੱਲ ਡਿਵੈਲਪਮੈਂਟ ਕੋਰਸ ਅਤੇ ਇਸ ਦੇ ਨਾਲ ਹੀ ਹੋਰ ਵੀ ਵੱਖ ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਤੋਂ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਨੋਜਵਾਨਾਂ ਨੂੰ ਕੰਮ ਕਰਨ ਦੀ ਆਦਤ ਪਾਈ ਜਾਵੇ, ਤਾਂ ਜੋ ਉਹ ਨਸ਼ਾ ਕਰਨ ਦੀ ਇਸ ਅਲਾਮਤ ਤੋਂ ਬੇਮੁੱਖ ਹੋ ਸਕਣ। ਇਸ ਮੌਕੇ ਐਸ.ਐਸ.ਪੀ. ਸ. ਹਰਜੀਤ ਸਿੰਘ, ਸਿਵਲ ਸਰਜਨ ਡਾ. ਅਨਿਲ ਕੁਮਾਰ ਗੋਇਲ, ਡੀ.ਪੀ.ਆਰ.ਓ ਸ. ਗੁਰਦੀਪ ਸਿੰਘ ਮਾਨ ਉਚੇਚੇ ਤੌਰ ਤੇ ਹਾਜ਼ਰ ਸਨ।