ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਦੀਵਾਲੀ ਅਤੇ ਗੁਰਪੁਰਬ ਦੇ ਮੱਦੇਨਜ਼ਰ ਪਟਾਖਿਆਂ ਦੀ ਖਰੀਦੋ-ਫ਼ਰੋਖ਼ਤ ਲਈ ਹਦਾਇਤਾਂ ਜਾਰੀ

  • ਦੀਵਾਲੀ ਮੌਕੇ ਰਾਤ 8 ਵਜੇਂ ਤੋਂ ਲੈ ਕੇ ਰਾਤ 10 ਵਜੇ ਤੱਕ ਹੀ ਪਟਾਖੇ ਚਲਾਉਣ ਦਾ ਆਗਿਆ ਹੋਵੇਗੀ
  • ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਥਾਵਾਂ 'ਤੇ ਹੀ ਵੇਚੇ ਜਾ ਸਕਣਗੇ ਪਟਾਖ਼ੇ

ਸੰਗਰੂਰ, 10 ਨਵੰਬਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਅਨਮੋਲ ਸਿੰਘ ਧਾਲੀਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 ( 1974 ਦਾ ਐਕਟ ਨੰ.2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਦੇ ਆਮ ਬਾਜ਼ਾਰਾਂ ਵਿੱਚ ਕਿਸੇ ਕਿਸਮ ਦੇ ਪਟਾਖੇ, ਆਤਿਸ਼ਬਾਜ਼ੀ ਆਦਿ ਨੂੰ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ 'ਤੇ ਪੂਰਨ ਪਾਬੰਦੀ ਲਗਾਈ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਵਿੱਦਿਅਕ ਸੰਸਥਾਵਾਂ ਅਤੇ ਹਸਪਤਾਲਾਂ  ਦੇ 100 ਮੀਟਰ ਦੇ ਘੇਰੇ ਵਿੱਚ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ਉੱਪਰ ਪੂਰਨ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਜਾਰੀ ਨਿਰਦੇਸ਼ਾਂ ਮੁਤਾਬਕ ਦੀਵਾਲੀ ਅਤੇ ਗੁਰਪੁਰਬ ਵਾਲੇ ਦਿਨ ਪਟਾਖੇ ਚਲਾਉਣ ਦਾ ਸਮਾਂ ਵੀ ਨਿਯਤ ਕੀਤਾ ਗਿਆ ਹੈ। ਦੀਵਾਲੀ ਵਾਲੇ ਦਿਨ ਆਮ ਥਾਵਾਂ ’ਤੇ ਰਾਤ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਹੀ ਪਟਾਖੇ ਚਲਾਉਣ ਦਾ ਆਗਿਆ ਹੋਵੇਗੀ। ਗੁਰਪੁਰਬ ਵਾਲੇ ਦਿਨ ਪਟਾਖੇ ਚਲਾਉਣ ਦਾ ਸਮਾਂ ਸਵੇਰੇ 4 ਵਜੇਂ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ ਦਾ ਹੋਵੇਗਾ ਅਤੇ ਬਾਕੀ ਸਮੇਂ ਵਿੱਚ ਪਟਾਖੇ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ। ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਪਟਾਖੇ ਚਲਾਉਣ ਦੀ ਆਗਿਆ ਸਿਰਫ਼ ਰਾਤ 11:55 ਤੋਂ ਰਾਤ 12:30 ਤੱਕ ਹੀ ਹੋਵੇਗੀ । ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਸਮੇਂ ਤੋਂ ਇਲਾਵਾ ਪਟਾਖੇ ਚਲਾਉਣ ਉੱਪਰ ਪੂਰਨ ਪਾਬੰਦੀ ਹੋਵੇਗੀ। ਹੁਕਮਾਂ ਅਨੁਸਾਰ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੇ ਦਿਨਾਂ ਵਿੱਚ ਲੋਕਾਂ ਵੱਲੋਂ ਪਟਾਖੇ, ਆਤਿਸ਼ਬਾਜ਼ੀ ਅਤੇ ਅਜਿਹੀ ਹੋਰ ਕਈ ਤਰ੍ਹਾਂ ਦੀ ਸਮੱਗਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨਾਲ ਸ਼ੋਰ ਸ਼ਰਾਬਾ ਹੁੰਦਾ ਹੈ। ਤਿਓਹਾਰ ਸਮੇਂ ਪਟਾਖੇ ਚਲਾਉਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ ਇਸ ਲਈ ਜਨ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਸੰਗਰੂਰ ਅੰਦਰ ਪਟਾਖੇ, ਆਤਿਸ਼ਬਾਜ਼ੀ ਆਦਿ ਬਣਾਉਣ, ਸਟੋਰ ਕਰਨ ਅਤੇ ਖਰੀਦਣ, ਵੇਚਣ ਨੂੰ ਨਿਯਮਿਤ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਦੇਸ਼ ਅੰਦਰ ਵਿਦੇਸ਼ਾਂ ਨੂੰ ਬੰਦਰਗਾਹਾਂ ਰਾਹੀਂ ਗੈਰ ਕਾਨੂੰਨੀ ਤੌਰ 'ਤੇ ਧਮਾਕਾਖੇਜ ਸਮੱਗਰੀ ਬਰਾਮਦ ਹੋ ਰਹੀ ਹੈ ਜਿਸ ਵਿਚ ਪੋਟਾਸ਼ੀਅਮ ਕਲੋਰੇਟ ਕੈਮੀਕਲ ਹੁੰਦਾ ਹੈ, ਜੋ ਕਿ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ। ਇਸ ਨਾਲ ਬਹੁਤ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਿਦੇਸ਼ਾਂ ਤੋਂ ਆਉਂਦੀ ਗੈਰ ਕਾਨੂੰਨੀ ਧਮਾਕਾਖੇਜ ਸਮੱਗਰੀ ਬਣਾਉਣ, ਸਟੋਰ ਕਰਨ, ਵਿਕਰੀ ਅਤੇ ਵਰਤੋਂ ਕਰਨ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਸੰਗਰੂਰ ਵਿੱਚ ਛੋਟੇ ਪਟਾਖਿਆਂ ਦੀ ਵੇਚ ਅਤੇ ਖਰੀਦ ਲਈ ਸਥਾਨ ਨਿਰਧਾਰਿਤ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਿਰਧਾਰਤ ਕੀਤੀਆਂ ਥਾਵਾਂ ਵਿੱਚ ਸਬ ਡਵੀਜਨ ਸੰਗਰੂਰ ਵਿਖੇ ਪਟਾਖੇ ਵੇਚਣ ਲਈ ਖਾਲਸਾ ਸਕੂਲ ਦੇ ਗਰਾਉਂਡ ਵਾਲੀ ਜਗ੍ਹਾ ਅਤੇ ਸ਼ਹੀਦ ਭਾਈ ਮਤੀਦਾਸ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਬ ਡਵੀਜਨ ਸੁਨਾਮ ਊਧਮ ਸਿੰਘ ਵਾਲਾ ਵਿੱਚ ਸ਼ਹੀਦ ਊਧਮ ਸਿੰਘ ਉਲੰਪਿਕ ਸਟੇਡੀਅਮ ਅਤੇ ਤੋਲਾਵਾਲ ਰੋਡ ਚੀਮਾ ਵਿਖੇ ਸਥਿਤ ਪੁਰਾਣਾ ਸਟੇਡੀਅਮ ਵਿੱਚ ਹੀ ਪਟਾਖੇ ਵੇਚੇ ਜਾ ਸਕਣਗੇ। ਇਸ ਤੋਂ ਇਲਾਵਾ ਸਬ ਡਵੀਜਨ ਧੂਰੀ ਵਿਖੇ ਢਿੱਲੋਂ ਰੈਸਟੋਰੈੰਟ ਦੇ ਸਾਹਮਣੇ, ਮੰਡੀ ਵਾਲੀ ਰੋਡ, ਨੇੜੇ ਮਾਰਕੀਟ ਕਮੇਟੀ ਧੂਰੀ ਅਤੇ ਰਾਮਲੀਲਾ ਗਰਾਉਂਡ ਨੇੜੇ ਆਨਾਜ ਮੰਡੀ ਸ਼ੇਰਪੁਰ ਵਿਖੇ ਪਟਾਖੇ ਵੇਚੇ ਜਾ ਸਕਦੇ ਹਨ। ਜਦਕਿ ਸਬ ਡਵੀਜਨ ਲਹਿਰਾ ਵਿਖੇ ਵਾਰਡ ਨੰਬਰ 10, ਥਾਣਾ ਰੋਡ ਉੱਪਰ ਸਥਿਤ ਡਾ. ਭੀਮ ਰਾਓ ਅੰਬੇਡਕਰ ਖੇਡ ਸਟੇਡੀਅਮ ਲਹਿਰਾਗਾਗਾ, ਸਬ ਡਵੀਜ਼ਨ ਮੂਨਕ ਵਿਖੇ ਸ਼ਹੀਦ ਊਧਮ ਸਿੰਘ ਸਟੇਡੀਅਮ ਮੂਨਕ ਅਤੇ ਮਿਉਂਸੀਪਲ ਸਟੇਡੀਅਮ ਖਨੌਰੀ, ਸਬ ਡਵੀਜ਼ਨ ਭਵਾਨੀਗੜ੍ਹ ਵਿਖੇ ਸ਼੍ਰੀ ਗੁਰੂ ਤੇਗ ਬਹਾਦੁਰ ਖੇਡ ਸਟੇਡੀਅਮ ਅਤੇ ਸਬ ਡਵੀਜ਼ਨ ਦਿੜ੍ਹਬਾ ਵਿਖੇ ਗਾਮੜੀ ਰੋਡ ਉੱਪਰ ਸਥਿਤ ਸ਼ਹੀਦ ਬਚਨ ਸਿੰਘ ਖੇਡ ਸਟੇਡੀਅਮ ਵਿਖੇ ਹੀ ਪਟਾਖੇ ਵੇਚੇ ਜਾ ਸਕਣਗੇ। ਪ੍ਰਸ਼ਾਸਨ ਵੱਲੋਂ ਪਟਾਖੇ ਵੇਚਣ ਲਈ ਨਿਰਧਾਰਤ ਕੀਤੇ ਇਨ੍ਹਾਂ ਸਥਾਨਾਂ ਤੋਂ ਬਿਨਾਂ ਕਿਸੇ ਹੋਰ ਸਥਾਨਾਂ 'ਤੇ ਪਟਾਖੇ ਨਹੀਂ ਵੇਚੇ ਜਾ ਸਕਣਗੇ ਅਤੇ ਇਨ੍ਹਾਂ ਨਿਰਧਾਰਤ ਥਾਵਾਂ ਉੱਪਰ ਵੀ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਪਟਾਖੇ ਵੇਚੇ ਜਾ ਸਕਣਗੇ। ਇਸ ਤੋਂ ਇਲਾਵਾ ਰਿਹਾਇਸ਼ੀ ਅਤੇ ਵਪਾਰਕ ਥਾਵਾਂ ਤੇ ਵੀ ਪਟਾਖੇ ਅਤੇ ਆਤਿਸ਼ਬਾਜ਼ੀ ਦੀ ਖਰੀਦ/ਵਿਕਰੀ ਨਹੀਂ ਕੀਤੀ ਜਾ ਸਕਦੀ।