ਵਧੀਕ ਡਿਪਟੀ ਕਮਿਸ਼ਨਰ ਪੰਚਾਲ ਵਲੋਂ ਸੈਲਫ ਹੈਲਪ ਗਰੁੱਪਾਂ ਦੇ 'ਕਪੜੇ ਦੇ ਥੈਲੇ' ਵਾਲੇ ਆਊਟਲੈਟ ਦਾ ਉਦਘਾਟਨ

ਲੁਧਿਆਣਾ, 6 ਜਨਵਰੀ (ਰਘਵੀਰ ਸਿੰਘ ਜੱਗਾ) :  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਵਲੋਂ ਸਥਾਨਕ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਸੈਲਫ ਹੈਲਪ ਗਰੁੱਪ ਦੇ 'ਕਪੜੇ ਦੇ ਥੈਲੇ' ਵਾਲੇ ਆਊਟਲੈਟ ਦਾ ਉਦਘਾਟਨ ਕੀਤਾ। ਸਮੂਹ ਮੈਂਬਰਾਂ ਵਲੋਂ ਕੀਤੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਔਰਤਾਂ ਨੂੰ ਰੋਜ਼ੀ-ਰੋਟੀ ਦੇ ਬਿਹਤਰ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦਾ ਸਸ਼ਕਤੀਕਰਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮੂਹ ਮੈਂਬਰਾਂ ਨੂੰ ਡੀ.ਆਰ.ਡੀ.ਏ. ਹੁਨਰ ਵਿਕਾਸ ਕੇਂਦਰ ਵਿੱਚ ਸਿਖਲਾਈ ਦਿੱਤੀ ਗਈ ਸੀ ਅਤੇ ਕਪੜੇ ਦੇ ਥੈਲੇ ਬਣਾਉਣ ਲਈ ਕੱਚਾ ਮਾਲ ਜ਼ਿਲ੍ਹੇ ਦੇ ਵੱਖ-ਵੱਖ ਉਦਯੋਗਾਂ ਦੁਆਰਾ ਮੁਫ਼ਤ ਮੁਹੱਈਆ ਕਰਵਾਇਆ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਲੁਧਿਆਣਾ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਆਊਟਲੈਟ ਤੋਂ ਵਾਤਾਵਰਨ ਪੱਖੀ ਅਤੇ ਸਸਤੇ ਕੱਪੜੇ ਦੇ ਥੈਲੇ ਖਰੀਦਣ ਜਿਸ ਨਾਲ ਜਿੱਥੇ ਸੈਲਫ ਹੈਲਪ ਗਰੁੱਪਾਂ ਨੂੰ ਵਿੱਤੀ ਸਹਾਇਤਾ ਮਿਲੇਗੀ ਉੱਥੇ ਹੋਰ ਔਰਤਾਂ ਸਵੈ-ਨਿਰਭਰ ਬਣਨ ਲਈ ਪ੍ਰੇਰਿਤ ਹੋਣਗੀਆਂ। ਉਨ੍ਹਾਂ ਵਾਤਾਵਰਨ ਲਈ ਘਾਤਕ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਤੋਂ ਵੀ ਗੁਰੇਜ਼ ਕਰਨ 'ਤੇ ਜੋਰ ਦਿੱਤਾ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਘੱਟ ਸਮੇਂ 'ਚ ਹੁਨਰ ਸਿਖਲਾਈ ਪ੍ਰੋਗਰਾਮਾਂ ਰਾਹੀਂ ਔਰਤਾਂ ਦੇ ਹੁਨਰ ਨੂੰ ਨਿਖਾਰਨ ਲਈ ਵਚਨਬੱਧ ਹੈ. ਸ੍ਰੀ ਪੰਚਾਲ ਨੇ ਕਿਹਾ ਕਿ 18 ਤੋਂ 40 ਸਾਲ ਦੀ ਉਮਰ ਦੇ ਅਤੇ 5ਵੀਂ ਪਾਸ ਹੋਣ ਵਾਲੇ ਲੜਕੇ ਅਤੇ ਲੜਕੀਆਂ ਡੀ.ਆਰ.ਡੀ.ਏ. ਹੁਨਰ ਵਿਕਾਸ ਕੇਂਦਰ ਵਿਖੇ ਛੇ ਮਹੀਨੇ ਦੇ ਇਸ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਲਾਸਾਂ ਦੋ ਬੈਚਾਂ (ਸਵੇਰੇ 10 ਤੋਂ 1 ਵਜੇ ਅਤੇ 2 ਵਜੇ ਤੋਂ ਸ਼ਾਮ 5 ਵਜੇ) ਵਿੱਚ ਲਈਆਂ ਜਾ ਰਹੀਆਂ ਹਨ ਅਤੇ ਦੱਸਿਆ ਕਿ ਚਾਹਵਾਨ ਉਮੀਦਵਾਰ ਜੇਕਰ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਸਥਿਤ ਹੁਨਰ ਵਿਕਾਸ ਕੇਂਦਰ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਤਾਂ ਉਹ 82840-84913 'ਤੇ ਸੰਪਰਕ ਕਰ ਸਕਦੇ ਹਨ ਅਤੇ ਦਾਖਲੇ ਲਈ 75270-79648 'ਤੇ ਆਰ-ਸੇਟੀ, ਹੰਬੜਾਂ ਰੋਡ, ਇਯਾਲੀ ਖੁਰਦ, ਨੇੜੇ ਦਾਣਾ ਮੰਡੀ, ਲੁਧਿਆਣਾ ਵਿਖੇ ਦਾਖਲ ਹੋ ਸਕਦੇ ਹਨ। ਸ੍ਰੀ ਪੰਚਾਲ ਨੇ ਦੱਸਿਆ ਕਿ ਇੱਛੁਕ ਉਮੀਦਵਾਰਾਂ ਨੂੰ 500 ਰੁਪਏ ਪ੍ਰਤੀ ਮਹੀਨਾ ਫੀਸ ਅਤੇ 50 ਰੁਪਏ ਦਾਖਲਾ ਫੀਸ ਵਜੋਂ ਦੇਣੀ ਪਵੇਗੀ।