ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਹਰਜੋਤ ਕੌਰ ਵੱਲੋਂ ਦੁਕਾਨਾਂ ਦੀ ਚੈਕਿੰਗ, ਚਾਰ ਦੁਕਾਨਾਂ ਤੋਂ 3.8 ਕਿਲੋ ਪਲਾਸਟਿਕ ਜ਼ਬਤ

  • 20 ਹਜ਼ਾਰ ਰੁਪਏ ਦੇ ਚਲਾਨ ਕੀਤੇ ਸਾਫ਼ ਸਫ਼ਾਈ ਦਾ ਲਿਆ ਜਾਇਜ਼ਾ
  • ਸੁੰਦਰੀਕਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ 
  • ਬੂਟਾ ਲਾਇਆ ਤੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਕੀਤੀ ਅਪੀਲ 
  • ਸਫਾਈ ਕਰਮਚਾਰੀਆਂ ਨਾਲ ਕੀਤੀ ਗੱਲਬਾਤ

ਫ਼ਤਹਿਗੜ੍ਹ ਸਾਹਿਬ, 18 ਜੁਲਾਈ  : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਹਰਜੋਤ ਕੌਰ ਵਲੋਂ ਸਿੰਗਲ ਯੂਜ਼ ਪਲਾਸਟਿਕ ਵਿਰੁੱਧ ਮੁਹਿੰਮ ਤਹਿਤ ਖਮਾਣੋਂ ਵਿਖੇ 06 ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ 04 ਦੁਕਾਨਾਂ ਤੋਂ 3.8 ਕਿਲੋ ਪਲਾਸਟਿਕ ਜ਼ਬਤ ਕਰ ਕੇ 20 ਹਜ਼ਾਰ ਰੁਪਏ ਦੇ ਚਲਾਨ ਕੀਤੇ ਗਏ। ਸ਼੍ਰੀਮਤੀ ਹਰਜੋਤ ਕੌਰ ਨੇ ਕਿਹਾ ਕਿ ਪਲਾਸਟਿਕ ਦੇ ਲਿਫਾਫੇ ਜੋ ਕਿ ਗਲਦੇ ਨਹੀਂ, ਦੀ ਵਰਤੋਂ ਵਾਤਾਵਰਨ ਲਈ ਹਾਨੀਕਾਰਕ ਹੈ। ਪਲਾਸਟਿਕ ਦੀ ਵਰਤੋਂ ਕਰਨ ਉਪਰੰਤ ਸੜਕਾਂ 'ਤੇ ਸੁੱਟ ਦਿੱਤਾ ਜਾਂਦਾ ਹੈ ਜੋ ਕਿ ਗਲੀਆਂ ਨਾਲੀਆਂ ਵਿਚ ਪਾਣੀ ਦੀ ਨਿਕਾਸੀ ਤੇ ਸੀਵਰੇਜ ਸਿਸਟਮ ਦੇ ਕਾਰਜ ਵਿਚ ਰੁਕਵਾਟ ਦਾ ਕਾਰਨ ਬਣਦੇ ਹਨ। ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਦੀ ਬਜਾਏ ਕਪੜੇ ਦੇ ਬਣੇ ਕੈਰੀ ਬੈਗ/ ਝੋਲੇ ਦੀ ਵਰਤੋਂ ਕਰਨੀ ਚਾਹੀਦੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰਾਂ ਨੂੰ ਸਾਫ ਸੁਥਰਾ ਬਣਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਤੇ ਸਫ਼ਾਈ ਕਾਰਜਾਂ ਦੀ ਲਗਾਤਾਰ ਸਮੀਖਿਆ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਨੇ ਐਮ.ਆਰ.ਐਫ਼. ਸੈਂਟਰ ਅਤੇ ਕੰਪੋਜ਼ਡ ਪਿਟ ਦਾ ਜਾਇਜ਼ਾ ਵੀ ਲਿਆ ਤੇ ਇਸ ਦੇ ਆਲੇ ਦੇ ਸੁੰਦਰੀਕਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਇਸ ਮੌਕੇ ਉਹਨਾਂ ਨੇ ਸ਼ਹਿਰ ਦੇ ਵਾਰਡ ਨੰਬਰ 05 ਦਾ ਜਾਇਜ਼ਾ ਲਿਆ ਤੇ ਉੱਥੋਂ ਦੇ ਵਸਨੀਕਾਂ ਨੂੰ ਦਰਪੇਸ਼ ਦਿੱਕਤਾਂ ਦੂਰ ਕਰਨ ਬਾਬਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਸ਼ਹਿਰ ਬੂਟੇ ਲਾਉਣ ਦੀ ਚੱਲ ਰਹੀ ਮੁਹਿੰਮ ਦੀ ਸਮੀਖਿਆ ਕੀਤੀ ਤੇ ਖੁਦ ਬੂਟਾ ਲਾਉਂਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਜਗ੍ਹਾਂ ’ਤੇ ਚੱਲ ਰਹੇ ਕਾਰਜ ਬਿਨਾਂ ਕਿਸੇ ਦੇਰੀ ਦੇ ਮੁਕੰਮਲ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਉਹਨਾਂ ਨੇ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਵੱਲ ਖ਼ਾਸ ਧਿਆਨ ਦੇਣ ਲਈ ਆਖਿਆ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸ਼੍ਰੀਮਤੀ ਹਰਜੋਤ ਕੌਰ ਨੇ ਕਿਹਾ ਕਿ ਚੱਲ ਰਹੇ ਸ਼ਹਿਰੀ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੰਮ ਕਰਨ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਆ ਰਹੀ ਹੈ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਤਾਂ ਜੋ ਇਹ ਵਿਕਾਸ ਕਾਰਜ ਪਹਿਲ ਦੇ ਅਧਾਰ 'ਤੇ ਮਿਥੇ ਸਮੇਂ ਵਿੱਚ ਮੁਕੰਮਲ ਕੀਤੇ ਜਾ ਸਕਣ। ਵਧੀਕ ਡਿਪਟੀ ਕਮਿਸ਼ਨਰ ਨੇ ਸਫ਼ਾਈ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਦਰਪੇਸ਼ ਦਿੱਕਤਾਂ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।