ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਨੂੰ 'ਫੂਡ ਸੇਫਟੀ ਆਨ ਵ੍ਹੀਲ' ਵੈਨ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਨਿਰਦੇਸ਼

  • ਵਸਨੀਕ ਸਿਰਫ਼ 50 ਰੁਪਏ 'ਚ ਕਰਵਾ ਸਕਦੇ ਹਨ ਭੋਜਨ ਦੀ ਗੁਣਵੱਤਾ ਦੀ ਜਾਂਚ

ਲੁਧਿਆਣਾ, 10 ਅਪ੍ਰੈਲ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੇਜਰ ਅਮਿਤ ਸਰੀਨ ਵੱਲੋਂ ਸਿਹਤ ਵਿਭਾਗ ਨੂੰ 'ਫੂਡ ਸੇਫਟੀ ਆਨ ਵ੍ਹੀਲਜ਼' ਵੈਨ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਿਰਦੇਸ਼ ਦਿੱਤੇ। ਮੇਜਰ ਸਰੀਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੈਨ ਦੇ ਕੰਮਕਾਜ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ 50 ਰੁਪਏ ਦੀ ਮਾਮੂਲੀ ਕੀਮਤ 'ਤੇ ਆਪਣੇ ਭੋਜਨ ਉਤਪਾਦ ਦੀ ਜਾਂਚ ਕਰਵਾ ਸਕਦਾ ਹੈ। ਇਹ ਵੈਨ ਭੋਜਨ ਦੀ ਗੁਣਵੱਤਾ ਨੂੰ ਪਰਖਣ ਅਤੇ ਮਿਲਾਵਟ ਦਾ ਪਤਾ ਲਗਾਉਣ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਵੈਨ ਦੁੱਧ, ਪਾਣੀ, ਖਾਣ ਵਾਲੇ ਤੇਲ, ਹਲਦੀ ਪਾਊਡਰ, ਮਿਰਚ ਪਾਊਡਰ ਅਤੇ ਹੋਰ ਰੋਜ਼ਾਨਾ ਵਰਤੋਂ ਵਾਲੇ ਉਤਪਾਦਾਂ ਵਿੱਚ ਆਮ ਮਿਲਾਵਟ ਦਾ ਪਤਾ ਲਗਾ ਸਕਦੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਭੋਜਨ ਸੁਰੱਖਿਆ, ਸਵੱਛਤਾ ਅਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਵੈਨ ਦੇ ਵਿਸ਼ੇਸ਼ ਖੇਤਰ ਵਿੱਚ ਪਹੁੰਚਣ ਤੋਂ ਇੱਕ ਦਿਨ ਪਹਿਲਾਂ ਇਸ ਬਾਰੇ ਪ੍ਰਚਾਰ ਕਰਨ ਲਈ ਵੀ ਕਿਹਾ, ਤਾਂ ਜੋ ਵਸਨੀਕ ਇਸ ਦੀਆਂ ਸੇਵਾਵਾਂ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਇਹ ਵੈਨ ਲੋਕਾਂ ਲਈ ਸ਼ੁੱਧ ਅਤੇ ਸਵੱਛ ਭੋਜਨ ਪਦਾਰਥਾਂ ਨੂੰ ਯਕੀਨੀ ਬਣਾਏਗੀ।