ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਦੇ ਪ੍ਰਬੰਧਕਾਂ ’ਤੇ ਵੀ ਬੇਅਦਬੀ ਮਾਮਲੇ ਚ ਕਾਰਵਾਈ ਹੋਵੇ : ਟਿਵਾਣਾ 

ਮੋਰਿੰਡਾ, 25 ਅਪ੍ਰੈਲ : ਅੱਜ ਮੋਰਿੰਡਾ ਵਿਖੇ ਬੀਤੇ ਕੱਲ੍ਹ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿੱਚ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪ੍ਰੈਸ ਵਾਰਤਾ ਕੀਤੀ। ਜਿਸ ਵਿੱਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਇਕਬਾਲ ਸਿੰਘ ਟਿਵਾਣਾ ਅਤੇ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ ਨੇ ਕਿਹਾ ਕਿ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿੱਚ ਜੋ ਘਟਨਾ ਹੋਈ ਹੈ, ਉਸ ਘਟਨਾ ਨੇ ਪੂਰੇ ਸੰਸਾਰ ਦੇ ਸਿੱਖਾਂ ਦੇ ਮਨ ਨੂੰ ਵੱਡੀ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਦੋਸ਼ੀ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਵੀ ਧਾਰਾ 120 ਅਤੇ 452 ਤਹਿਤ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿੱਚ ਬੇਅਦਬੀ ਉਪਰੰਤ ਪਸ਼ਚਾਤਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਹਨ। ਜਿਹਨਾਂ ਦੇ ਭੋਗ ਮਿਤੀ 27 ਅਪ੍ਰੈਲ ਨੂੰ ਪਾਏ ਜਾਣਗੇ। ਇਸ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ (ਅ) ਨੇ ਪੁਲਿਸ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਪ੍ਰਬੰਧਕਾਂ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਖਾਲਸਾ ਪੰਥ ਦੇ ਸਹਿਯੋਗ ਨਾਲ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਧਰਨਾ ਦਿੱਤਾ ਜਾਵੇਗਾ, ਜੋ ਕਿ ਇਨਸਾਫ ਮਿਲਣ ਤੱਕ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਪ੍ਰਧਾਨ ਰੋਪੜ੍ਹ ਰਣਜੀਤ ਸਿੰਘ ਸੰਤੋਖਗੜ੍ਹ, ਯੂਥ ਪ੍ਰਧਾਨ ਹਰਜੀਤ ਸਿੰਘ ਚਤਾਮਲਾ, ਸੀਨੀਅਰ ਆਗੂ ਗੁਰਪ੍ਰੀਤ ਸਿੰਘ ਮੜੌਲੀ, ਸਰਬਜੀਤ ਸਿੰਘ ਜੱਸੀ, ਚਰਨ ਸਿੰਘ ਸਰਕਲ ਸ਼ਹਿਰੀ ਪ੍ਰਧਾਨ, ਬਲਵਿੰਦਰ ਸਿੰਘ, ਬਲਵੀਰ ਸਿੰਘ ਮੋਰਿੰਡਾ ਆਦਿ ਹਾਜ਼ਰ ਸਨ।