ਸ਼ਹੀਦੀ ਦਿਹਾੜੇ ਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਤਿੰਨ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਗੰਭੀਰ ਜਖ਼ਮੀ

ਖੰਨਾ, 28 ਦਸੰਬਰ : ਖੰਨਾ ਸ਼ਹਿਰ ਵਿੱਚੋਂ ਲੰਘਦੇ ਨੈਸ਼ਨਲ ਹਾਈਵੇ ਤੇ ਬੀਤੀ ਸ਼ਾਮ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਜਖ਼ਮੀ ਹੋ ਗਏ, ਜਿੰਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਸ੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਸਮਾਗਮ ‘ਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਕਿ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਉਕਤ ਨੌਜਵਾਨ ਜਦੋਂ ਖੰਨਾ ਦੇ ਸਮਰਾਲਾ ਚੌਂਕ ਦੇ ਓਵਰ ਬ੍ਰਿਜ ਨੇੜੇ ਪੁੱਜੇ ਤਾਂ ਉਨ੍ਹਾਂ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਏ। ਮੌਕੇ ਤੇ ਮੌਜ਼ੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਐਬੂਲੈਂਸ ਰਾਹੀਂ ਜਖ਼ਮੀਆਂ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਖ਼ਮੀਆਂ ਦੀ ਪਛਾਣ ਨਿਸ਼ਾਨ, ਗੌਰੀ ਅਤੇ ਕਰਨ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦੇ ਸ਼ਹਿਰ ਜੋਧਾ ਦੇ ਵਾਸੀ ਹਨ। ਇਸ ਘਟਨਾਂ ਦੀ ਜਾਂਚ ਕਰ ਰਹੇ ਏਐਸਆਈ ਮਾਨ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਨੌਜਵਾਨਾਂ ਦੀ ਹਾਲਤ ਗੰਭੀਰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨੋ ਨੌਜਾਵਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।