ਸੰਗਰੂਰ ਦੇ ਮੈਰੀਟੋਰੀਅਸ ਸਕੂਲ ਵਿੱਚ 40 ਦੇ ਕਰੀਬ ਬੱਚੇ ਹੋਏ ਬਿਮਾਰ

  • ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਸਿੱਖਿਆ ਮੰਤਰੀ

ਸੰਗਰੂਰ, 2 ਦਸੰਬਰ : ਸੰਗਰੂਰ ਦੇ ਮੈਰੀਟੋਰੀਅਸ ਸਕੂਲ ਵਿੱਚ 40 ਦੇ ਕਰੀਬ ਬੱਚਿਆਂ ਦੀ ਹਾਲਤ ਵਿਗੜ ਗਈ ਹੈ। ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਬੱਚਿਆਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਬੱਚਿਆਂ ਦੀ ਹਾਲਤ ਵਿਗੜਨ ਤੋਂ ਬਾਅਦ ਮਾਪਿਆਂ ਨੇ ਸਕੂਲ ਪ੍ਰਸ਼ਾਸਨ 'ਤੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਹਰਜੋਤ ਬੈਂਸ ਨੇ ਕੰਟੀਨ ਦਾ ਠੇਕਾ ਵੀ ਰੱਦ ਕਰ ਦਿੱਤਾ ਹੈ। ਮਾਪਿਆਂ ਦਾ ਦੋਸ਼ ਹੈ ਕਿ ਬੱਚਿਆਂ ਨੂੰ ਮਿਲਾਵਟੀ ਤੇ ਖਰਾਬ ਖਾਣਾ ਖੁਆਇਆ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੀ ਇਹ ਹਾਲਤ ਹੋਈ ਹੈ। ਬੱਚੇ ਪਿਛਲੇ 5 ਦਿਨਾਂ ਤੋਂ ਪੇਟ ਦਰਦ ਦੀ ਸ਼ਿਕਾਇਤ ਕਰ ਰਹੇ ਸਨ ਪਰ ਕਿਸੇ ਨੇ ਉਨ੍ਹਾਂ ਦੀ ਸ਼ਿਕਾਇਤ ਵੱਲ ਧਿਆਨ ਨਹੀਂ ਦਿੱਤਾ। ਰਾਤ ਨੂੰ ਕੁਝ ਬੱਚਿਆਂ ਦੀ ਹਾਲਤ ਖਰਾਬ ਹੋਣ ਲੱਗੀ। ਉਲਟੀਆਂ ਅਤੇ ਪੇਟ ਵਿਚ ਤੇਜ਼ ਦਰਦ ਹੋਣ 'ਤੇ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਤੱਕ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਨ੍ਹਾਂ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਬੱਚਿਆਂ ਦੇ ਬਿਮਾਰ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਉੱਚ ਅਧਿਕਾਰੀ ਵੀ ਸਰਕਾਰੀ ਹਸਪਤਾਲ ਪੁੱਜਣ ਲੱਗੇ ਹਨ। ਫਿਲਹਾਲ ਸਾਰੇ ਬੱਚਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਸਾਰੇ ਬੱਚੇ ਖਤਰੇ ਤੋਂ ਬਾਹਰ ਹਨ। ਜਦੋਂ ਬੱਚੇ ਉਨ੍ਹਾਂ ਕੋਲ ਆਏ ਤਾਂ ਉਨ੍ਹਾਂ ਨੇ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਕੀਤੀ। ਕਰੀਬ 40 ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਹਰਕਤ ਵਿੱਚ ਆ ਗਏ। ਉਨ੍ਹਾਂ ਹੋਸਟਲ ਮੈੱਸ ਕੰਟੀਨ ਦਾ ਠੇਕਾ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਹਨ। ਜ਼ਿਲ੍ਹਾ ਪੱਧਰ ’ਤੇ ਜਾਂਚ ਕਮੇਟੀ ਬਣਾਈ ਗਈ ਹੈ। ਜਿਸ ਨੂੰ 24 ਘੰਟਿਆਂ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਡਾਕਟਰਾਂ ਦੀ ਟੀਮ ਵੀ ਹੋਸਟਲ ਵਿੱਚ ਭੇਜੀ ਗਈ ਹੈ, ਤਾਂ ਜੋ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਸ ਦਾ ਤੁਰੰਤ ਇਲਾਜ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪਿਛਲੇ ਪੰਜ ਦਿਨਾਂ ਤੋਂ ਬੱਚਿਆਂ ਦੀਆਂ ਸ਼ਿਕਾਇਤਾਂ ਦੇ ਮੁੱਦੇ 'ਤੇ ਮੰਤਰੀ ਬੈਂਸ ਨੇ ਕਿਹਾ ਹੈ ਕਿ ਪੜਤਾਲ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।