ਸਾਲ 2023 ਦੌਰਾਨ ਵਨ ਸਟਾਪ ਸਖੀ ਸੈਂਟਰ ਵਿਖੇ 243 ਦੇ ਕਰੀਬ ਕੇਸਾਂ ਦੀ ਕੀਤੀ ਸੁਣਵਾਈ

  • ਸਖੀ ਸੈਂਟਰ ਵੱਲੋਂ ਔਰਤਾਂ ਨੂੰ ਡਾਕਟਰੀ, ਪੁਲਿਸ, ਕਾਨੂੰਨੀ, ਮਨੋਵਿਗਿਆਨਕ ਸਲਾਹ ਆਦਿ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਸੁਵਿਧਾਵਾਂ

ਫਾਜ਼ਿਲਕਾ, 02 ਜਨਵਰੀ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਫਾਜਿਲਕਾ ਸ਼੍ਰੀਮਤੀ ਨਵਦੀਪ ਕੌਰ ਦੇ ਅਧੀਨ ਚੱਲ ਰਹੀ ਸਖੀ ਸੈਂਟਰ ਦੀ ਸਕੀਮ ਔਰਤਾਂ ਲਈ ਬਹੁਤ ਮਦਦਗਾਰ ਸਿੱਧ ਹੋਈ ਹੈ। ਸਖੀ ਸੈਂਟਰ ਦੇ ਇੰਚਾਰਜ ਗੌਰੀ ਸਚਦੇਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ-2023 ਦੇ ਦੌਰਾਨ ਸਖੀ ਸੈਂਟਰ ਵਿਖੇ 243 ਦੇ ਕਰੀਬ ਕੇਸਾਂ ਦੀ ਸੁਣਵਾਈ ਕੀਤੀ ਗਈ। ਸੈਂਟਰ ਵੱਲੋਂ ਦਿੱਤੀ ਜਾਣ ਵਾਲੀ ਮਨੋਵਿਗਿਆਨਕ ਸਲਾਹ ਰਾਂਹੀ ਔਰਤਾਂ ਨੂੰ ਆਤਮ ਨਿਰਭਰ, ਸਰੀਰਿਕ ਅਤੇ ਮਾਨਸਿਕ ਤੌਰ ਤੇ ਮਜਬੂਤ ਬਨਣ ਲਈ ਪ੍ਰੇਰਿਤ‌ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਵਿਚ ਜਾ ਕੇ ਜਾਗਰੂਕਤਾ ਸੈਮੀਨਾਰਾਂ ਰਾਹੀਂ ਔਰਤਾਂ ਦੇ ਅਧਿਕਾਰਾਂ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਹੈ। ਸੈਂਟਰ ਇੰਚਾਰਜ ਨੇ ਦੱਸਿਆ ਕਿ ਮਹੀਨਾ ਨਵੰਬਰ ਅਤੇ ਦਸੰਬਰ 2023 ਦੌਰਾਨ ਪਿੰਡਾਂ ਨੂਰਸਾਹ, ਕਾਵਾਂ ਵਾਲੀ, ਆਸਫ ਵਾਲਾ, ਬਾਂਡੀ ਵਾਲਾ, ਬਲੇਲ ਕੇ ਹਸਲ, ਮੌਜਮ ਦੇ ਸਰਕਾਰੀ ਸਕੂਲਾਂ ਵਿੱਚ ਜਾ ਕੇ ਜਾਗਰੂਕਤਾ ਕੀਤੀ ਗਈ। ਸਖੀ ਸੈਂਟਰ ਵੱਲੋਂ ਮੁਸ਼ਕਿਲ ਸਮੇਂ ਵਿੱਚ ਔਰਤਾਂ ਨੂੰ ਲੋੜ ਮੁਤਾਬਕ ਐਮਰਜੈਂਸੀ ਸੇਵਾਂਵਾਂ ਜਿਵੇਂ ਡਾਕਟਰੀ, ਪੁਲਿਸ, ਕਾਨੂੰਨੀ ਆਦਿ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੁਵਿਧਾਵਾਂ ਵਿਚੋਂ ਮਨੋਵਿਗਿਆਨਕ ਸਲਾਹ ਸਭ ਤੋਂ ਮਹੱਤਵਪੂਰਨ ਹਿੱਸਾ ਹੈ, ਜਿਸ ਵਿੱਚ ਸੈਂਟਰ ਵਿਖੇ ਆਉਣ ਵਾਲੀ ਔਰਤ ਨੂੰ ਚੰਗੀ ਤਰ੍ਹਾਂ ਸੁਣਿਆ ਜਾਂਦਾ ਹੈ ਅਤੇ ਫਿਰ ਉਸਦੀ ਪ੍ਰੇਸ਼ਾਣੀ ਮੁਤਾਬਕ ਮਨੋਵਿਗਿਆਨਕ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਔਰਤ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਅਤੇ ਆਪਣੀ ਮੁਸ਼ਕਿਲ ਦਾ ਹਿੰਮਤ ਨਾਲ ਮੁਕਾਬਲਾ ਕਰ ਸਕੇ। ਉਨ੍ਹਾਂ ਦੱਸਿਆ ਕਿ ਵਨ ਸਟਾਪ ਸਖੀ ਸੈਂਟਰ ਜ਼ੁਡੀਸ਼ੀਅਲ ਕੋਰਟ ਕੰਪਲੈਕਸ ਰੋਡ, ਸਿਵਲ ਹਸਪਤਾਲ, ਫਾਜਿਲਕਾ ਵਿਖੇ ਸਥਿਤ ਹੈ।