ਨਗਰ ਨਿਗਮ ਅਬੋਹਰ ਵੱਲੋਂ ਪਿੱਛਲੇ ਵਿੱਤੀ ਸਾਲ ਵਿਚ 955 ਲੱਖ ਦੇ ਟੀਚੇ ਦੇ ਮੁਕਾਬਲੇ 1106 ਲੱਖ ਰੁਪਏ ਦੀ ਆਮਦਨ ਦੇ ਵਸੀਲੇ ਪੈਦਾ ਕੀਤੇ

  • ਨਗਰ ਨਿਗਮ ਅਬੋਹਰ ਨੇ ਟੀਚੇ ਦੇ ਮੁਕਾਬਲੇ ਜਿਆਦਾ ਪ੍ਰੋਪਰਟੀ ਟੈਕਸ ਇੱਕਠਾ ਕੀਤਾ : ਡਿਪਟੀ ਕਮਿਸ਼ਨਰ ਦੁੱਗਲ 

ਫਾਜਿ਼ਲਕਾ, 07 ਅਪ੍ਰੈਲ : ਨਗਰ ਨਿਗਮ ਅਬੋਹਰ ਨੇ ਵਿੱਤੀ 2022—23 ਦੌਰਾਨ ਆਮਦਨ ਦੇ 955.50 ਲੱਖ ਦੇ ਸਲਾਨਾ ਬਜਟ ਅਨੁਸਾਰ ਨਿਰਧਾਰਤ ਟੀਚੇ ਦੇ ਮੁਕਾਬਲੇ 1106.85 ਲੱਖ ਰੁਪਏ ਦੀ ਆਮਦਨ ਦੇ ਵਸੀਲੇ ਪੈਦਾ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਤਰਾਂ ਕਰਨ ਨਾਲ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਕੋਲ ਵਾਧੂ ਆਮਦਨ ਹੋਈ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ, ਜਿੰਨ੍ਹਾਂ ਕੋਲ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਹੈ। ਇਸੇ ਤਰਾਂ ਨਗਰ ਨਿਗਮ ਅਬੋਹਰ ਨੇ ਵਿੱਤੀ ਸਾਲ 2022—23 ਦੌਰਾਨ ਨਿਰਧਾਰਿਤ ਟੀਚੇ ਤੋਂ ਵਧੇਰੇ ਪ੍ਰੋਪਰਟੀ ਟੈਕਸ ਇੱਕਠਾ ਕੀਤਾ ਹੈ।ਜਿਕਰਯੋਗ ਹੈ ਕਿ ਨਗਰ ਨਿਗਮ ਅਬੋਹਰ ਦੇ ਸਾਲ 2022—23 ਦੇ ਬਜਟ ਵਿਚ ਪ੍ਰੋਪਰਟੀ ਟੈਕਸ/ਹਾਊਸ ਟੈਕਸ ਤੋਂ 230.32 ਲੱਖ ਰੁਪਏ ਦੇ ਕਰ ਸਗ੍ਰਿਹ ਦਾ ਟੀਚਾ ਮਿਥਿਆ ਗਿਆ ਸੀ ਪਰ ਬਿਹਤਰ ਪ੍ਰਬੰਧਨ ਰਾਹੀਂ ਨਗਰ ਨਿਗਮ ਵੱਲੋਂ ਇਸ ਵਿੱਤੀ ਸਾਲ ਵਿਚ ਵਿਚ 316.02 ਲੱਖ ਰੁਪਏ ਦਾ ਪ੍ਰੋਪਰਟੀ ਟੈਕਸ/ਹਾਊਸ ਟੈਕਸ ਇੱਕਠਾ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਡਾ: ਸੇਨੂ ਦੁੱਗਲ ਆਈਏਐਸ ਵੱਲੋਂ ਜਦੋਂ ਤੋਂ ਇੱਥੇ ਅਹੁਦਾ ਸੰਭਾਲਿਆ ਹੈ ਉਹ ਡਿਪਟੀ ਕਮਿਸ਼ਨਰ ਦੇ ਕੰਮ ਕਾਜ ਦੇ ਨਾਲ ਨਾਲ ਅਬੋਹਰ ਨਗਰ ਨਿਗਮ ਨੂੰ ਅੱਗੇ ਲੈ ਕੇ ਆਉਣ ਲਈ ਵੀ ਲਗਾਤਾਰ ਕੰਮ ਕਰ ਰਹੇ ਹਨ ਅਤੇ ਨਿਯਮਤ ਤੌਰ ਤੇ ਉਹ ਅਬੋਹਰ ਨਗਰ ਨਿਗਮ ਦੇ ਦਫ਼ਤਰ ਪਹੁੰਚ ਕੇ ਨਿਗਮ ਦਾ ਕੰਮਕਾਜ ਵੀ ਜਾਂਚਦੇ ਹਨ ਅਤੇ ਲੋਕਾਂ ਦੀਆਂ ਮੁਸਕਿਲਾਂ ਵੀ ਸੁਣਦੇ ਹਨ। ਇਸੇ ਤਰਾਂ ਨਗਰ ਨਿਗਮ ਅਬੋਹਰ ਨੇ ਐਡਵਰਟਾਇਜਮੈਂਟ ਤੋਂ 3.50 ਲੱਖ ਦੇ ਮੁਕਾਬਲੇ 12 ਲੱਖ ਦੀ ਆਮਦਨ ਪ੍ਰਾਪਤ ਕੀਤੀ ਗਈ ਹੈ ਜ਼ੋ ਕੀ ਟੀਚੇ ਤੋਂ ਬਹੁਤ ਜਿਆਦਾ ਹੈ। ਇਸੇ ਤਰਾਂ ਵੇਲਫੇਅਰ ਸੁਸਾਇਟੀ ਵੱਲੋਂ ਵੀ ਇਸ ਸਾਲ ਦੌਰਾਨ 203.93 ਲੱਖ ਰੁਪਏ ਦੀ ਆਮਦਨ ਪ੍ਰਾਪਤ ਕੀਤੀ ਗਈ ਹੈ। ਇੱਥੇ ਜਿਕਰਯੋਗ ਹੈ ਕਿ ਇਸ ਮੱਦ ਅਧੀਨ ਸਾਲ 2021—22 ਵਿਚ ਆਮਦਨ 159.78 ਲੱਖ ਰੁਪਏ ਸੀ।ਇਸ ਪ੍ਰਕਾਰ ਵਧੀ ਆਮਦਨ ਦਾ ਹੀ ਨਤੀਜਾ ਹੈ ਕਿ ਸ਼ਹਿਰ ਦੇ ਵਿਕਾਸ ਲਈ ਚਾਲੂ ਵਿੱਤੀ ਸਾਲ ਦੌਰਾਨ ਨਿਗਮ ਨੇ ਬਜਟ ਵਿਚ ਵਾਧੂ ਖਰਚ ਦੀ ਯੋਜਨਾਬੰਦੀ ਕੀਤੀ ਹੈ।