ਆਪ ਦੀ ਸਰਕਾਰ ਆਪ ਤੇ ਦੁਆਰ ਤਹਿਤ ਲੱਗ ਰਹੇ ਲੋਕ ਸੁਵਿਧਾ ਕੈਂਪ ਲੋਕਾਂ ਲਈ ਹੋਏ ਵਰਦਾਨ ਸਾਬਿਤ

  • ਮੌਕੇ ਤੇ ਮਿਲ ਰਿਹਾ ਹੈ ਲੋਕਾਂ ਨੂੰ ਲਾਭ
  • ਪਿੰਡ ਢੰਡੀ ਕਦੀਮ ਦੇ ਮਨਪ੍ਰੀਤ ਸਿੰਘ ਦੇ ਘਰ ਦੋ ਘੰਟੇ ਵਿੱਚ ਲੱਗਿਆ ਮੀਟਰ

ਫਾਜ਼ਿਲਕਾ 7 ਫਰਵਰੀ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਦੇ ਪਹਿਲੇ ਦਿਨ ਹੀ ਸਾਰਥਕ ਨਤੀਜੇ ਨਿਕਲੇ ਹਨ । ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸ ਮੁਹਿੰਮ ਤਹਿਤ ਲੱਗੇ ਕੈਂਪਾਂ ਵਿੱਚ ਮੌਕੇ ਤੇ ਹੀ ਸਰਕਾਰੀ ਸਕੀਮਾਂ ਦਾ ਲਾਭ ਮਿਲਿਆ। ਪਿੰਡ ਢੰਡੀ ਕਦੀਮ ਵਿਖੇ ਲੱਗੇ ਕੈਂਪ ਵਿੱਚ ਮਨਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਦਾ ਬਿਜਲੀ ਦਾ ਮੀਟਰ ਸੜਿਆ ਹੋਇਆ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਬਿਜਲੀ ਨਿਗਮ ਵੱਲੋਂ ਦੋ ਘੰਟੇ ਵਿੱਚ ਹੀ ਬੀਤੇ ਦਿਨ ਉਸਦੇ ਮੀਟਰ ਲਗਾ ਦਿੱਤਾ ਗਿਆ। ਇਸੇ ਤਰ੍ਹਾਂ ਲਗਭਗ ਹਰੇਕ ਕੈਂਪ ਵਿੱਚ ਦਰਜਨਾਂ ਲੋਕਾਂ ਨੂੰ ਮੌਕੇ ਤੇ ਹੀ ਸਰਕਾਰੀ ਸੇਵਾਵਾਂ ਦਾ ਲਾਭ ਮਿਲ ਰਿਹਾ ਹੈ ਅਤੇ ਵੱਖ-ਵੱਖ ਸਰਟੀਫਿਕੇਟ ਹੱਥੋਂ ਹੱਥ ਬਣਾ ਕੇ ਦਿੱਤੇ ਜਾ ਰਹੇ ਹਨ। ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਉਹਨਾਂ ਨੇ ਖੁਦ ਜਾ ਕੇ ਵੇਖਿਆ ਹੈ ਕਿ ਮੌਕੇ ਤੇ ਹੀ ਲੋਕਾਂ ਨੂੰ ਸੇਵਾਵਾਂ ਮਿਲ ਰਹੀਆਂ ਹਨ ਅਤੇ ਹੱਥੋਂ ਹੱਥ ਸਰਟੀਫਿਕੇਟ ਬਣਾ ਕੇ ਦਿੱਤੇ ਜਾ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ 6 ਫਰਵਰੀ ਨੂੰ ਪਹਿਲੇ ਦਿਨ ਜ਼ਿਲੇ ਵਿੱਚ 12 ਥਾਵਾਂ ਤੇ ਲੋਕ ਸੁਵਿਧਾ ਕੈਂਪ ਇਸ ਮੁਹਿੰਮ ਤਹਿਤ ਲਗਾਏ ਗਏ ਜਿਸ ਦੌਰਾਨ ਵੱਖ-ਵੱਖ ਪ੍ਰਕਾਰ ਦੀਆਂ 570 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨਾਂ ਵਿੱਚੋਂ 350 ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ ਇਸੇ ਤਰ੍ਹਾਂ 1116 ਅਰਜੀਆਂ ਵੱਖ ਵੱਖ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਲਈ ਲੋਕਾਂ ਨੇ ਇਹਨਾਂ ਕੈਂਪਾਂ ਵਿੱਚ ਦਿੱਤੀਆਂ ਜਿਸ ਵਿੱਚੋਂ 482 ਦਾ ਮੌਕੇ ਤੇ ਹੀ ਨਿਪਟਾਰਾ ਕਰਦਿਆਂ ਇਹ ਸੇਵਾਵਾਂ ਮੌਕੇ ਤੇ ਮੁਹਈਆ ਕਰਵਾ ਦਿੱਤੀਆਂ ਗਈਆਂ। ਕੁਝ ਸੇਵਾਵਾਂ ਵਿੱਚ ਵੇਰੀਫਿਕੇਸ਼ਨ ਕਰਨੀ ਹੁੰਦੀ ਹੈ ਜਿਸ ਕਰਕੇ ਬਕਾਇਆ ਸੇਵਾਵਾਂ ਪ੍ਰਕ੍ਰਿਰੀਆ ਪੂਰੀ ਕਰਕੇ ਸਰਕਾਰ ਵੱਲੋਂ ਤੈਅ ਸਮਾਂ ਹੱਦ ਦੇ  ਅੰਦਰ ਅੰਦਰ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ। ਸਿਰਫ ਦੋ ਘੰਟੇ ਵਿੱਚ ਮੀਟਰ ਲੱਗਣ ਤੇ ਖੁਸ਼ੀ ਜਾਹਰ ਕਰਦਿਆਂ ਮਨਪ੍ਰੀਤ ਸਿੰਘ ਵਾਸੀ ਪਿੰਡ ਢੰਡੀ ਕਦੀਮ ਨੇ ਸਰਕਾਰ ਦੇ ਇਸ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਆਖਿਆ ਕਿ ਜੇਕਰ ਇਸ ਤਰ੍ਹਾਂ ਕੰਮ ਹੋਣ ਲੱਗੇਗਾ ਤਾਂ ਲੋਕਾਂ ਨੂੰ ਹੋਰ ਬਹੁਤ ਸਹੂਲਤ ਹੋਵੇਗੀ । ਉਸਨੇ ਦੱਸਿਆ ਕਿ ਉਸਦੇ ਪਿੰਡ ਲੱਗੇ ਕੈਂਪ ਵਿੱਚ ਉਸ ਵਰਗੇ ਅਨੇਕਾਂ ਲੋਕਾਂ ਨੂੰ ਵੱਖ ਵੱਖ ਸਕੀਮਾਂ ਦਾ ਲਾਭ ਮਿਲਿਆ।


ਡਿਪਟੀ ਕਮਿਸ਼ਨਰ ਵੱਲੋਂ ਕੈਂਪਾਂ ਵਿੱਚ ਪਹੁੰਚਣ ਵਾਲੇ ਲੋਕਾਂ ਨੂੰ ਫੋਨ ਕਰਕੇ ਵੀ ਲਿਆ ਜਾ ਰਿਹਾ ਹੈ ਫੀਡਬੈਕ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਲੋਕ  ਸੁਵਿਧਾ ਕੈਂਪਾਂ ਵਿੱਚ ਆਉਣ ਵਾਲੇ ਲੋਕਾਂ ਵੱਲੋਂ ਕੈਂਪ ਵਿੱਚ ਦਰਜ ਕਰਾਏ ਫੋਨ ਨੰਬਰਾਂ ਤੇ ਕਾਲ ਕਰਕੇ ਉਹਨਾਂ ਤੋਂ ਫੀਡਬੈਕ ਲਿਆ ਜਾ ਰਿਹਾ ਹੈ । ਉਹਨਾਂ ਵੱਲੋਂ ਖੁਦ ਵੀ ਕਈ ਲੋਕਾਂ ਨੂੰ ਕਾਲ ਕਰਕੇ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਆਈ । ਇਸੇ ਤਰ੍ਹਾਂ ਕੁਝ ਲੋਕਾਂ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਸਟਾਫ ਵੱਲੋਂ ਫੋਨ ਕਰਕੇ ਉਹਨਾਂ ਦਾ ਫੀਡਬੈਕ ਲਿਆ ਗਿਆ।